ਡਿਪਟੀ ਕਮਿਸ਼ਨਰ ਨੇ ਪ੍ਰਬੰਧਕੀ ਕੰਪਲੈਕਸ ਦੇ ਸਮੂਹ ਕਰਮਚਾਰੀਆਂ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ

ਡਿਪਟੀ ਕਮਿਸ਼ਨਰ ਨੇ ਪ੍ਰਬੰਧਕੀ ਕੰਪਲੈਕਸ ਦੇ ਸਮੂਹ ਕਰਮਚਾਰੀਆਂ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ

ਮਾਨਸਾ, 01 ਜਨਵਰੀ:
ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਨੇ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਮੂਹ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਸਹਿਯੋਗ ਅਤੇ ਇਮਾਨਦਾਰੀ ਦੀ ਭਾਵਨਾ ਨਾਲ ਕੰਮ ਕਰਨ ਦੀ ਪ੍ਰੇਰਣਾ ਦਿੱਤੀ।


ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਵਾਂ ਸਾਲ ਸਮੂਹ ਕਰਮਚਾਰੀਆਂ ਲਈ ਖੁਸ਼ਹਾਲ ਤੇ ਊਰਜਾ ਭਰਿਆ ਹੋਵੇ। ਸਾਰਿਆਂ ਦੇ ਪਰਿਵਾਰ ਤੰਦਰੁਸਤ ਤੇ ਖੁਸ਼ਹਾਲ ਰਹਿਣ। ਉਨ੍ਹਾਂ ਕਿਹਾ ਕਿ ਸਾਲ ਦੀ ਸ਼ੁਰੂਆਤ ਮੌਕੇ ਇਹ ਪ੍ਰਣ ਲਈਏ ਕਿ ਡਿਊਟੀ ਦੌਰਾਨ ਹਮੇਸ਼ਾ ਮਿਲਵਰਤਣ ਦੀ ਭਾਵਨਾ ਨਾਲ ਕੰਮ ਕਰਾਂਗੇ, ਆਪਣੀ ਕਾਰਜਕੁਸ਼ਲਤਾ ਵਿਚ ਵਾਧਾ ਕਰਾਂਗੇ ਅਤੇ ਕੰਮ ਦੀ ਗੁਣਵੱਤਾ ਵਿਚ ਹੋਰ ਨਿਖਾਰ ਲੈ ਕੇ ਆਵਾਂਗੇ।
 
ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਲਈ ਅਪਣੱਤ ਵਾਲਾ ਮਾਹੌਲ ਰੱਖੀਏ ਤਾਂ ਜੋ ਕਿਸੇ ਨੂੰ ਵੀ ਸਰਕਾਰੀ ਕੰਮ ਕਰਵਾਉਣ ਵਿਚ ਕੋਈ ਖੱਜਲ ਖੁਆਰੀ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਸਮੂਹ ਕਰਮਚਾਰੀ ਕਿਸੇ ਵੇਲੇ ਵੀ ਕਿਸੇ ਵੀ ਪ੍ਰਕਾਰ ਦੀ ਸਲਾਹ,ਮਸ਼ਵਰਾ ਜਾਂ ਕਿਸੇ ਵੀ ਸਮੱਸਿਆ ਲਈ ਉਨ੍ਹਾਂ ਦੇ ਦਫ਼ਤਰ ਵਿਖੇ ਆ ਸਕਦੇ ਹਨ।
 
ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਰੇਕ ਕਰਮਚਾਰੀ ਸੁਚੱਜੇ ਤੇ ਸਹਿਜ ਤਰੀਕੇ ਨਾਲ ਨਿਰਵਿਘਨ ਆਪਣੀ ਡਿਊਟੀ ਕਰਦਾ ਰਹੇਗਾ। ਉਨ੍ਹਾਂ ਸਾਰੇ ਕਰਮਾਰੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਅਤੇ ਨਵੇਂ ਸਾਲ ਦੀਆਂ ਸ਼ੁੱਭਕਾਮਨਵਾਂ ਦਿੱਤੀਆਂ।