ਟਰਾਂਸਪੋਰਟ ਵਿਭਾਗ ਨੇ ਦੋ ਸਾਲਾਂ ‘ਚ 27,500 ਡਰਾਈਵਰਾਂ ਨੂੰ ਦਿੱਤੀ ਸਿਖਲਾਈਃ ਲਾਲਜੀਤ ਸਿੰਘ ਭੁੱਲਰ

ਟਰਾਂਸਪੋਰਟ ਵਿਭਾਗ ਨੇ ਦੋ ਸਾਲਾਂ ‘ਚ  27,500 ਡਰਾਈਵਰਾਂ ਨੂੰ ਦਿੱਤੀ ਸਿਖਲਾਈਃ ਲਾਲਜੀਤ ਸਿੰਘ ਭੁੱਲਰ

ਚੰਡੀਗੜ, 04 ਅਕਤੂਬਰ:
 
ਪੰਜਾਬ ਸਰਕਾਰ ਦੀ ਮਹੱਤਵਪੂਰਨ ਪਹਿਲਕਦਮੀ, ਖੇਤਰੀ ਡਰਾਈਵਿੰਗ ਸਿਖਲਾਈ ਕੇਂਦਰ (ਆਰ.ਡੀ.ਟੀ.ਸੀ.) ਮਲੇਰਕੋਟਲਾ ਪੰਜਾਬ ਦੇ ਡਰਾਈਵਿੰਗ ਦ੍ਰਿਸ਼ ਨੂੰ ਬਦਲ ਰਿਹਾ ਹੈ ਅਤੇ ਸੁਰੱਖਿਆ ਪ੍ਰਤੀ ਜਾਗਰੂਕ ਹੁਨਰਮੰਦ ਡਰਾਈਵਰਾਂ ਦੀ ਇੱਕ ਨਵੀਂ ਪੀੜ੍ਹੀ ਨੂੰ ਉਤਸ਼ਾਹਿਤ ਕਰ ਰਿਹਾ ਹੈ।
 
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਲੇਰਕੋਟਲਾ ਦਾ ਖੇਤਰੀ ਡਰਾਈਵਿੰਗ ਸਿਖਲਾਈ ਕੇਂਦਰ, ਨੌਜਵਾਨਾਂ ਦੀ ਰੋਜ਼ਗਾਰ ਯੋਗਤਾ ਵਧਾਉਣ ਬਣਾਉਣ ਅਤੇ ਸੜਕਾਂ ਨੂੰ ਸਾਰਿਆਂ ਲਈ ਸੁਰੱਖਿਅਤ ਬਣਾਉਣ ਲਈ ਇੱਕ ਬਹੁਤ ਵਿਲੱਖਣ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਇਹ ਕੇਂਦਰ ਸ਼ਾਨਦਾਰ ਪ੍ਰਾਪਤੀ ਹੈ ਕਿ ਇੱਥੇ ਲਗਭੱਗ ਦੋ ਸਾਲਾਂ ਦੇ ਸਮੇਂ ਦੌਰਾਨ 27,500 ਡਰਾਈਵਰਾਂ ਨੂੰ ਸਫਲਤਾਪੂਰਵਕ ਸਿਖਲਾਈ ਦਿੱਤੀ ਜਾ ਚੁੱਕੀ ਹੈ।
 
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਮਲੇਰਕੋਟਲਾ ਦਾ ਡਰਾਈਵਿੰਗ ਸਿਖਲਾਈ ਕੇਂਦਰ ਸੂਬਾ ਸਰਕਾਰ ਦੇ ਟਰਾਂਸਪੋਰਟ ਵਿਭਾਗ ਅਤੇ ਅਸ਼ੋਕ ਲੇਲੈਂਡ ਲਿਮਟਿਡ ਵਿਚਕਾਰ ਇੱਕ ਸਹਿਯੋਗੀ ਯਤਨ ਵਜੋਂ ਜੂਨ 2023 ਤੋਂ ਲਗਾਤਾਰ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿਖੇ ਪੇਂਡੂ ਅਤੇ ਸ਼ਹਿਰੀ ਨੌਜਵਾਨਾਂ ਡਰਾਈਵਿੰਗ ਦੀ ਸਿਖਲਾਈ ਦੇ ਕੇ ਯੋਗ ਵਪਾਰਕ ਵਾਹਨ ਡਰਾਈਵਰਾਂ ਦੀ ਘਾਟ ਨੂੰ ਪੂਰਾ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਯੋਗ ਡਰਾਈਵਰ ਤਿਆਰ ਕਰਨ ਵਿੱਚ ਇਹ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਰਹੇਗਾ।
 
ਸ. ਭੁੱਲਰ ਨੇ ਦੱਸਿਆ ਕਿ ਇਹ ਕੇਂਦਰ ਸੂਬੇ ਦੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ, ਰੁਜ਼ਗਾਰ ਯੋਗਤਾ ਵਧਾਉਣ ਦੇ ਮਕਸਦ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡਰਾਈਵਿੰਗ ਦੀ ਸੁਚੱਜੀ ਸਿਖਲਾਈ ਨਾਲ ਸਬੰਧਤ ਸੜਕ ਸੁਰੱਖਿਆ ਪ੍ਰਤੀ ਉਤਸ਼ਾਹਿਤ ਹੁੰਦਾ ਹੈ ਅਤੇ ਸੰਭਾਵੀ ਹਾਦਸਿਆ ‘ਚ ਵੀ ਕਮੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਹੁਨਰਮੰਦ ਸਿਖਲਾਈ ਪ੍ਰਾਪਤ ਡਰਾਈਵਰਾਂ ਨਾਲ ਸੂਬੇ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਦੀ ਪ੍ਰਣਾਲੀ ਵੀ ਮਜ਼ਬੂਤ ਹੋਈ ਹੈ।
 
ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸਿਖਲਾਈ ਕੇਂਦਰ ਡਰਾਈਵਿੰਗ ਹੁਨਰ ਨੂੰ ਵਧਾਉਣ, ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਸਮਾਜ ਵਿੱਚ ਡਰਾਈਵਰਾਂ ਦੀ ਸਥਿਤੀ ਨੂੰ ਉੱਚਾ ਚੁੱਕਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।