ਵਿਸ਼ਵ ਗਲੋਕੋਮਾ ਹਫ਼ਤੇ ਦੌਰਾਨ ਹੋਏ ਪੋਸਟਰ ਮੇਕਿੰਗ ਮੁਕਾਬਲੇ 'ਚ ਹਿੱਸਾ ਲੈਣ ਵਾਲੇ ਵਿਦਿਆਰਥੀ ਸਨਮਾਨਿਤ
By NIRPAKH POST
On
ਬਰਨਾਲਾ, 14 ਮਾਰਚ
ਸਿਵਲ ਸਰਜਨ ਡਾ. ਹਰੀਪਾਲ ਸਿੰਘ ਸਿੱਧੂ ਦੇ ਹੁਕਮਾਂ ਅਤੇ ਨੇਤਰ ਰੋਗਾਂ ਦੇ ਮਾਹਿਰ ਡਾ. ਅਮੋਲਦੀਪ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਮਿਊਨਿਟੀ ਹੈਲਥ ਸੈਂਟਰ ਧਨੌਲਾ ਵਿਖੇ "ਦੁਨੀਆ ਰੌਸ਼ਨ ਹੈ, ਆਪਣੀਆਂ ਅੱਖਾਂ ਦੀ ਰੌਸ਼ਨੀ ਬਚਾਓ" ਵਿਸ਼ੇ 'ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਵਿੱਚ ਗੁਰੂ ਨਾਨਕ ਦੇਵ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਔਜਲਾ ਨੇ ਦੱਸਿਆ ਕਿ ਵਿਸ਼ਵ ਗਲੋਕੋਮਾ ਹਫ਼ਤੇ ਦੇ ਸਿਲਸਿਲੇ ਵਿੱਚ ਕਰਵਾਏ ਗਏ ਇਸ ਮੁਕਾਬਲੇ ਦਾ ਉਦੇਸ਼ ਨਰਸਿੰਗ ਦੇ ਵਿਦਿਆਰਥੀਆਂ ਨੂੰ ਗਲੋਕੋਮਾ (ਕਾਲਾ ਮੋਤੀਆ) ਤੋਂ ਬਚਾਅ ਅਤੇ ਇਸਦੇ ਇਲਾਜ ਬਾਰੇ ਜਾਗਰੂਕ ਕਰਨ ਦੇ ਨਾਲ ਨਾਲ ਉਹਨਾਂ ਦੀ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨਾ ਵੀ ਹੈ। ਉਹਨਾਂ ਦੱਸਿਆ ਕਿ ‘ਗਲੋਕੋਮਾ' ਜਿਸਨੂੰ ਕਾਲਾ ਮੋਤੀਆ ਵੀ ਕਿਹਾ ਜਾਂਦਾ ਹੈ ਵਿਸ਼ਵ ਵਿੱਚ ਲਾ-ਇਲਾਜ ਅੰਨ੍ਹੇਪਣ ਦਾ ਸਭ ਤੋਂ ਵੱਡਾ ਕਾਰਨ ਹੈ ਅਤੇ ਜਾਗਰੂਕਤਾ ਦੀ ਕਮੀ ਕਾਰਨ ਪੀੜ੍ਹਤ ਵਿਅਕਤੀ ਵੱਲੋਂ ਅਸਧਾਰਣ ਸਿਰਦਰਦ ਜਾਂ ਅੱਖਾਂ ਵਿੱਚ ਲਗਾਤਾਰ ਦਰਦ ਹੋਣ 'ਤੇ ਇਸ ਨੂੰ ਸਧਾਰਣ ਦਰਦ ਸਮਝ ਕੇ ਬਿਨਾਂ ਡਾਕਟਰੀ ਸਲਾਹ ਤੋਂ ਦਰਦ ਦੀ ਗੋਲੀ ਲੈ ਲਈ ਜਾਂਦੀ ਹੈ ਜਦਕਿ ਇਹ ਕਾਲਾ ਮੋਤੀਆ ਦਾ ਸੰਕੇਤ ਵੀ ਹੋ ਸਕਦਾ ਹੈ। ਡਾ. ਔਜਲਾ ਨੇ ਦੱਸਿਆ ਕਿ ਕਾਲਾ ਮੋਤੀਆ ਅਕਸਰ ਚੁੱਪ-ਚਪੀਤੇ ਨਿਗਾਹ ਨੂੰ ਪ੍ਰਭਾਵਤ ਕਰਦਾ ਹੈ ਪਰ ਇਹ ਅੰਨ੍ਹੇਪਣ ਦਾ ਕਾਰਨ ਬਣ ਸਕਦਾ ਹੈ। ਇਸਦਾ ਸਮੇਂ ਸਿਰ ਇਲਾਜ ਹੀ ਇਸ ਗੰਭੀਰ ਬਿਮਾਰੀ ਤੋਂ ਬਚਣ ਦਾ ਕਾਰਗਰ ਉਪਾਅ ਹੈ।
ਇਸ ਮੌਕੇ ਮੈਡੀਕਲ ਅਫ਼ਸਰ ਡਾ. ਪ੍ਰਿਕਸ਼ਤ ਮਿੱਤਲ ਨੇ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਜਸਪ੍ਰੀਤ, ਰਮਨਦੀਪ, ਮਹਿਕਦੀਪ, ਲਖਵੀਰ, ਸੁਮਨਦੀਪ ਅਤੇ ਸੁਖਮਨਪ੍ਰੀਤ ਕੌਰ ਤੋਂ ਇਲਾਵਾ ਨੀਤਾ ਅਤੇ ਅਕਾਸ਼ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਜਿੱਤ ਹਾਰ ਮਾਇਨੇ ਨਹੀਂ ਰੱਖਦੀ ਸਗੋਂ ਵਿਦਿਆਰਥੀਆਂ ਦਾ ਮੁਕਾਬਲੇ 'ਚ ਹਿੱਸਾ ਲੈਣਾ ਅਤੇ ਚੁਣੌਤੀ ਨੂੰ ਸਵੀਕਾਰ ਕਰਨਾ ਆਪਣੇ ਆਪਣੇ ਵਿੱਚ ਇੱਕ ਜਿੱਤ ਹੈ। ਡਾ. ਮਿੱਤਲ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਜਿੱਥੇ ਉਹਨਾਂ ਵੱਲੋਂ ਬਣਾਏ ਗਏ ਚਾਰਟ ਵਿੱਚ ਦਰਸਾਏ ਪਹਿਲੂਆਂ 'ਤੇ ਗੱਲਬਾਤ ਕੀਤੀ ਉੱਥੇ ਹੀ ਉਹਨਾਂ ਵਿਦਿਆਰਥੀਆਂ ਨੂੰ ਕਾਲਾ ਮੋਤੀਆ ਬਾਰੇ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ।
ਐੱਸ.ਆਈ ਦਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੌਕੇ ਬੀ.ਈ.ਈ ਰਤਿਕਾ ਓਬਰਾਏ, ਏ.ਐੱਮ.ਓ ਡਾ.ਚੇਤਨਜੀਤ ਸਿੰਘ, ਅਪਥਾਲਮਿਕ ਅਫ਼ਸਰ ਗੁਰਮੀਤ ਸਿੰਘ, ਮਲਟੀਪਰਪਜ਼ ਹੈਲਥ ਵਰਕਰ ਕੁਲਦੀਪ ਸਿੰਘ ਵਿਰਕ, ਲਖਵਿੰਦਰ ਸਿੰਘ ਅਤੇ ਜੁਝਾਰ ਸਿੰਘ ਤੋਂ ਇਲਾਵਾ ਹੋਰ ਸਟਾਫ਼ ਮੈਂਬਰ, ਅਧਿਆਪਕ ਰਾਜਵਿੰਦਰ ਕੌਰ ਅਤੇ ਪ੍ਰਿੰਸਦੀਪ ਕੌਰ ਹਾਜ਼ਰ ਸਨ।

