ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਪਹਿਲੇ ਸਟਾਰਟਅੱਪ ਕਨਕਲੇਵ ਦਾ ਉਦਘਾਟਨ; ਨਵੀਨਤਾ ਅਤੇ ਸਖ਼ਤ ਮਿਹਨਤ ਨੂੰ ਸਟਾਰਟਅੱਪ ਦੀ ਸਫਲਤਾ ਦੀ ਰੀੜ੍ਹ ਦੀ ਹੱਡੀ ਦੱਸਿਆ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਪਹਿਲੇ ਸਟਾਰਟਅੱਪ ਕਨਕਲੇਵ ਦਾ ਉਦਘਾਟਨ; ਨਵੀਨਤਾ ਅਤੇ ਸਖ਼ਤ ਮਿਹਨਤ ਨੂੰ ਸਟਾਰਟਅੱਪ ਦੀ ਸਫਲਤਾ ਦੀ ਰੀੜ੍ਹ ਦੀ ਹੱਡੀ ਦੱਸਿਆ

ਫਗਵਾੜਾ, 12 ਜਨਵਰੀ:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਪੂਰਥਲਾ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ਵਿਖੇ ਸੂਬੇ ਦੇ ਪਹਿਲੇ ਸਟਾਰਟਅੱਪ ਪੰਜਾਬ ਕਨਕਲੇਵ ਦਾ ਉਦਘਾਟਨ ਕੀਤਾ, ਜਿਸ ਤਹਿਤ ਨਵੀਨਤਾ, ਸਖ਼ਤ ਮਿਹਨਤ ਅਤੇ ਉੱਦਮਤਾ ਨੂੰ ਸਰਕਾਰ ਦੇ ਆਰਥਿਕ ਦ੍ਰਿਸ਼ਟੀਕੋਣ ਵਿੱਚ ਪ੍ਰਮੁੱਖ ਤਰਜੀਹ ਦਿੱਤੀ ਗਈ ਹੈ। ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਵੱਲੋਂ ਕਰਵਾਇਆ ਗਿਆ ਇਹ ਸਟਾਰਟਅੱਪ ਪੰਜਾਬ ਕਨਕਲੇਵ 2026 ਇੱਕ ਪ੍ਰਮੁੱਖ ਸੂਬਾ-ਪੱਧਰੀ ਪਲੇਟਫਾਰਮ ਵਜੋਂ ਉਭਰਿਆ ਹੈ, ਜੋ ਨਵੀਨਤਾ, ਉੱਦਮਤਾ ਅਤੇ ਸੂਬੇ ਦੇ ਤੇਜ਼ੀ ਨਾਲ ਪੈਰ ਪਸਾਰ ਰਹੇ ਸਟਾਰਟਅੱਪ ਈਕੋ-ਸਿਸਟਮ ਨੂੰ ਦਰਸਾਉਂਦਾ ਹੈ।

100 ਤੋਂ ਵੱਧ ਸਟਾਰਟਅੱਪਸ ਦੇ ਭਾਗ ਲੈਣ, ਉਦਮਾਂ ਨੂੰ ਸੀਡ ਗ੍ਰਾਂਟਾਂ ਵੰਡਣ ਅਤੇ ਉਦਯੋਗਪਤੀਆਂ, ਨਿਵੇਸ਼ਕਾਂ, ਇਨਕਿਊਬੇਟਰਾਂ, ਅਕਾਦਮਿਕ ਮਾਹਰਾਂ ਅਤੇ ਨੀਤੀ ਘਾੜਿਆਂ ਨੂੰ ਇੱਕੋ ਛੱਤ ਹੇਠ ਲਿਆ ਕੇ ਭਗਵੰਤ ਮਾਨ ਸਰਕਾਰ ਨੇ ਨਵੇਂ ਕਾਰੋਬਾਰੀ ਵਿਚਾਰਾਂ ਨੂੰ ਸਰਕਾਰ ਵੱਲੋਂ ਪੂਰੀ ਸਹਾਇਤਾ ਪ੍ਰਦਾਨ ਕਰਨ ਦਾ ਸਪੱਸ਼ਟ ਸੰਦੇਸ਼ ਦਿੱਤਾ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਪੈਦਾ ਕਰਨ ਵਾਲੇ ਬਣਨ ਲਈ ਪ੍ਰੇਰਿਤ ਕੀਤਾ ਅਤੇ ਨੌਜਵਾਨਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਅਪਡੇਟ ਰਹਿਣ ਅਤੇ ਉੱਦਮ ਸਿਰਜਣ ਦੀ ਨਵੀਂ ਸੋਚ ਅਪਣਾਉਣ ਲਈ ਕਿਹਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦਾ ਭਵਿੱਖ ਨੌਕਰੀਆਂ ਦੀ ਭਾਲ ਵਿੱਚ ਨਹੀਂ, ਸਗੋਂ ਉੱਦਮਤਾ ਨੂੰ ਅਪਣਾਉਣ ਵਿੱਚ ਹੈ।

ਸਟਾਰਟਅੱਪ ਕਨਕਲੇਵ ਦੌਰਾਨ ਉੱਦਮੀਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਸਪੱਸ਼ਟ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਨੌਕਰੀਆਂ ਪੈਦਾ ਕਰਨ ਵਾਲਿਆਂ ਵਿੱਚ ਬਦਲਣਾ ਹੈ ਅਤੇ ਉਨ੍ਹਾਂ ਨੂੰ ਆਪਣੀ ਵੱਖਰੀ ਪਛਾਣ ਬਣਾਉਣ ਦੇ ਸਮਰੱਥ ਬਣਾਉਣਾ ਹੈ। ਉਨ੍ਹਾਂ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਸੂਬੇ ਦੇ ਨੌਜਵਾਨ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਨੌਕਰੀ ਦੇਣ ਵਾਲੇ ਬਣਨ ਤਾਂ ਜੋ ਉਹ ਆਪਣੀ ਵੱਖਰੀ ਪਛਾਣ ਬਣਾ ਸਕਣ।” ਉਨ੍ਹਾਂ ਕਿਹਾ ਕਿ ਪੰਜਾਬੀ ਕੁਦਰਤੀ ਤੌਰ ‘ਤੇ ਇੰਜਨੀਅਰ ਅਤੇ ਪੈਦਾਇਸ਼ੀ ਉੱਦਮੀ ਹੁੰਦੇ ਹਨ, ਜਿਸ ਕਰਕੇ ਉਹ ਕੋਈ ਰਾਹ ਚੁਣ ਲੈਣ, ਉਸ ਵਿੱਚ ਸਫ਼ਲਤਾ ਹਾਸਲ ਕਰਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਦਿਸ਼ਾ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਅਪਡੇਟ ਰਹਿਣ ਅਤੇ ਉੱਦਮ ਸਿਰਜਣ ਦਾ ਨਾਅਰਾ ਦਿੰਦਿਆਂ ਕਿਹਾ, "ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਸਰਕਾਰ ਕਾਰੋਬਾਰੀ ਆਗੂਆਂ ਵੱਲੋਂ ਪੇਸ਼ ਕੀਤੇ ਗਏ ਹਰ ਵਿਚਾਰ ਸਬੰਧੀ ਪੂਰੀ ਮਦਦ ਕਰੇਗੀ।"

ਆਪਣੀ ਹਾਲੀਆ ਜਪਾਨ ਫੇਰੀ ਬਾਰੇ ਆਪਣੇ ਤਜਰਬੇ ਸਾਂਝੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇੱਕ ਸਪੱਸ਼ਟ ਦ੍ਰਿਸ਼ਟੀਕੋਣ ਨਾਲ ਹੀ ਦੇਸ਼ ਤਰੱਕੀ ਕਰਦੇ ਹਨ। ਉਨ੍ਹਾਂ ਕਿਹਾ, "ਜਾਪਾਨ ਵਿੱਚ, ਆਵਾਜਾਈ ਦੇ ਹਰ ਸਾਧਨ ਨੂੰ ਸਿੰਗਲ ਵਿੰਡੋ ਰਾਹੀਂ ਪਹੁੰਚਯੋਗ ਬਣਾਇਆ ਗਿਆ ਹੈ। ਜਾਪਾਨ ਕੋਲ ਭਵਿੱਖ ਨੂੰ ਦੇਖਣ ਦਾ ਦ੍ਰਿਸ਼ਟੀਕੋਣ ਹੈ।" ਉਨ੍ਹਾਂ ਨੇ ਰਾਈਜ਼ਿੰਗ ਸਟਾਰ ਅਤੇ ਰਾਈਜ਼ਿੰਗ ਸਨ ਵਰਗੀਆਂ ਕੰਪਨੀਆਂ ਨੂੰ ਸਕਾਰਾਤਮਕ ਮਾਨਸਿਕਤਾ ਦੀਆਂ ਉਦਾਹਰਣਾਂ ਵਜੋਂ ਦਰਸਾਇਆ, ਜਿਨ੍ਹਾਂ ਸਦਕਾ ਉਨ੍ਹਾਂ ਦੀ ਔਸਤਨ ਉਮਰ 100 ਸਾਲਾਂ ਤੋਂ ਵੱਧ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਇਸੇ ਤਰ੍ਹਾਂ ਦੀ ਅਗਾਂਹਵਧੂ ਸੋਚ ਵਾਲੀ ਪਹੁੰਚ ਅਪਣਾਉਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੇ ਇਸੇ ਨੂੰ ਸਫਲਤਾ ਦੀ ਕੁੰਜੀ ਦੱਸਿਆ।

ਜਾਪਾਨ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਾਪਾਨੀ ਨਾਗਰਿਕ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਓਵਰਟਾਈਮ ਕੰਮ ਕਰਦੇ ਹਨ, ਜਿਸ ਨਾਲ ਉਨ੍ਹਾਂ ਦੀ ਉਮਰ ਵੀ ਲੰਮੀ ਹੁੰਦੀ ਹੈ। ਉਨ੍ਹਾਂ ਕਿਹਾ, "ਪੰਜਾਬੀਆਂ ਨੂੰ ਵਿਸ਼ਵ ਪੱਧਰ 'ਤੇ ਉੱਤਮਤਾ ਪ੍ਰਾਪਤ ਕਰਨ ਅਤੇ ਆਪਣੀ ਕਾਬਲੀਅਤ ਨੂੰ ਬਿਹਤਰ ਢੰਗ ਨਾਲ ਸਾਬਤ ਕਰਨ ਲਈ ਇਨ੍ਹਾਂ ਗੁਣਾਂ ਨੂੰ ਅਪਣਾਉਣਾ ਚਾਹੀਦਾ ਹੈ। ਪੰਜਾਬ ਸਰਕਾਰ ਆਉਣ ਵਾਲੀਆਂ ਪੀੜ੍ਹੀਆਂ ਦੇ ਬਿਹਤਰ ਭਵਿੱਖ ਲਈ ਨਿਰੰਤਰ ਅਤੇ ਠੋਸ ਯਤਨ ਕਰ ਰਹੀ ਹੈ ਅਤੇ ਇਹ ਸਰਕਾਰ ਦਾ ਨੈਤਿਕ ਫ਼ਰਜ਼ ਹੈ।"

ਇਸ ਸੰਮੇਲਨ ਵਿੱਚ ਵਿਸ਼ਵਾਸ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਪੰਜਾਬ ਦੇ ਨਵੀਨਤਾਕਾਰੀ ਅਤੇ ਤੇਜ਼ੀ ਨਾਲ ਵਿਕਾਸ ਕਰ ਰਹੇ ਸਟਾਰਟਅੱਪ ਈਕੋਸਿਸਟਮ ਨੂੰ ਵਿਸ਼ਵ ਪੱਧਰ ‘ਤੇ ਉਜਾਗਰ ਕਰਨ ਲਈ ਅਹਿਮ ਪਲੇਟਫਾਰਮ ਵਜੋਂ ਕੰਮ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮਾਗਮ ਦੌਰਾਨ ਉੱਦਮੀਆਂ, ਨਿਵੇਸ਼ਕਾਂ, ਅਕਾਦਮਿਕ ਮਾਹਿਰਾਂ ਅਤੇ ਨੀਤੀ ਘੜ੍ਹਨ ਵਾਲਿਆਂ ਨੂੰ ਉਤਸ਼ਾਹਿਤ ਕਰਨ ਲਈ ਇੱਕੋ ਮੰਚ ਹੇਠ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਪੰਜਾਬ ਦੇ ਨੌਜਵਾਨਾਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨਾ ਅਤੇ ਦੂਜਿਆਂ ਨੂੰ ਪ੍ਰੇਰਿਤ ਕਰਨਾ ਹੈ ਅਤੇ ਇਹ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਸੂਬੇ ਭਰ ਤੋਂ 100 ਤੋਂ ਵੱਧ ਸਟਾਰਟਅੱਪ ਇਸ ਸੰਮੇਲਨ ਵਿੱਚ ਹਿੱਸਾ ਲੈ ਰਹੇ ਹਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਸਮਾਗਮ ਦੌਰਾਨ ਪੰਜਾਬ ‘ਚ ਸਥਿਤ 15 ਤੋਂ ਵੱਧ ਇਨਕਿਊਬੇਟਰ ਅਤੇ ਪੰਜ ਤੋਂ ਵੱਧ ਸਹਾਇਤਾ ਸੰਸਥਾਵਾਂ ਨੇ ਆਪਣੀਆਂ ਪਹਿਲਕਦਮੀਆਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅੱਠ ਸਟਾਰਟਅੱਪਾਂ ਨੂੰ ਵਿਸ਼ੇਸ਼ ਪ੍ਰੋਤਸਾਹਨ ਚੈਕ ਪ੍ਰਦਾਨ ਕਰ ਰਹੀ ਹੈ, ਜਿਸ ਵਿੱਚ ਸੱਤ ਸਟਾਰਟਅੱਪਾਂ ਨੂੰ ਸੀਡ ਗਰਾਂਟ ਵਜੋਂ 3-3 ਲੱਖ ਰੁਪਏ ਅਤੇ ਹਰੇਕ ਸਟਾਰਟਅਪ ਨੂੰ ਲੀਜ਼ ਰੈਂਟਲ ਸਹਾਇਤਾ ਵਜੋਂ 1.20 ਲੱਖ ਰੁਪਏ ਪ੍ਰਾਪਤ ਹੋਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਟਾਰਟਅੱਪ ਸਿਰਫ਼ ਕਾਰੋਬਾਰ ਹੀ ਨਹੀਂ ਹੁੰਦੇ, ਸਗੋਂ ਇਹ ਨੌਕਰੀਆਂ ਦੇ ਨਵੇਂ ਮੌਕੇ ਸਿਰਜਣ ਅਤੇ ਸੂਬੇ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਪਿਛਲੀਆਂ ਸਰਕਾਰਾਂ ਨੂੰ ਕਰੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਲੋਕ ਨਵੇਂ ਉੱਦਮ ਕਰਨ ਤੋਂ ਡਰਦੇ ਸਨ ਕਿਉਂਕਿ ਆਗੂ ਉਨ੍ਹਾਂ ਦੇ ਉੱਦਮਾਂ ਵਿੱਚੋਂ ਹਿੱਸਾ ਮੰਗਦੇ ਸਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਆਗੂਆਂ ਨੇ ਜਨਤਾ ਨੂੰ ਲੁੱਟਿਆ ਅਤੇ ਉਨ੍ਹਾਂ ਦੇ ਹੱਥ ਪੰਜਾਬ ਅਤੇ ਪੰਜਾਬੀਆਂ ਦੇ ਖੂਨ ਨਾਲ ਰੰਗੇ ਹੋਏ ਹਨ, ਇਸ ਦੇ ਉਲਟ ਹੁਣ ਆਮ ਲੋਕਾਂ ਦੀ ਸਰਕਾਰ ਹਰੇਕ ਸੂਬਾ ਵਾਸੀ ਨੂੰ ਜ਼ਿੰਦਗੀ ਵਿੱਚ ਕਾਮਯਾਬ ਹੋਣ ਦਾ ਯੋਗ ਮੌਕਾ ਦੇ ਰਹੀ ਹੈ।

ਪੰਜਾਬ ਸਰਕਾਰ ਦੇ ਲੰਮੇ ਸਮੇਂ ਦੇ ਵਿਜ਼ਨ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਪ ਸਰਕਾਰ ਦਾ ਇਹ ਸੁਪਨਾ ਹੈ ਕਿ ਪੰਜਾਬ ਦੇ ਨੌਜਵਾਨ ਨੌਕਰੀਆਂ ਦੀ ਭਾਲ ਕਰਨ ਵਾਲਿਆਂ ਦੀ ਬਜਾਏ ਰੋਜ਼ਗਾਰ ਸਿਰਜਣ ਵਾਲੇ ਬਣਨ। ਉਨ੍ਹਾਂ ਅੱਗੇ ਕਿਹਾ ਕਿ ਖੇਤੀਬਾੜੀ, ਸਿਹਤ, ਸਿੱਖਿਆ ਅਤੇ ਪ੍ਰਸ਼ਾਸਨ ਵਰਗੇ ਖੇਤਰਾਂ ਵਿੱਚ ਜ਼ਮੀਨੀ ਪੱਧਰ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਵਾਲੇ ਸਟਾਰਟਅੱਪਾਂ ਨੂੰ ਸਰਗਰਮੀ ਨਾਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਦਯੋਗਿਕ ਅਤੇ ਕਾਰੋਬਾਰੀ ਵਿਕਾਸ ਨੀਤੀ 2022 ਨੂੰ ਉੱਦਮੀਆਂ ਨੂੰ ਪਾਰਦਰਸ਼ੀ ਅਤੇ ਮਜ਼ਬੂਤ ਢਾਂਚਾ ਪ੍ਰਦਾਨ ਕਰਨ ਲਈ ਲਾਗੂ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਟਾਰਟਅੱਪ ਪੰਜਾਬ ਸੂਬੇ ਵਿੱਚ ਨਵੀਨ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਅਣਥੱਕ ਮਿਹਨਤ ਕਰ ਰਹੀ ਹੈ, ਜਿਸ ਵਿੱਚ ਔਰਤਾਂ ਦੀ ਅਗਵਾਈ ਵਾਲੇ ਸਟਾਰਟਅੱਪ ਅਤੇ ਨਵੇਂ ਉੱਦਮਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦਾ ਮਜ਼ਬੂਤ ਉਦਯੋਗਿਕ ਅਧਾਰ ਅਤੇ ਬੇਮਿਸਾਲ ਬੁਨਿਆਦੀ ਢਾਂਚਾ ਸਟਾਰਟਅੱਪ ਵਿਕਾਸ ਲਈ ਅਨੁਕੂਲ ਹੈ ਅਤੇ ਸੂਬੇ ਦੀ ਤਰੱਕੀ ਦੀ ਨੀਂਹ ਹੁਣ ਨਵੀਨਤਾ ਅਤੇ ਉੱਦਮਤਾ ਦੇ ਰਾਹ ਵੱਲ ਅੱਗੇ ਵਧੇਗੀ। ਉਹਨਾਂ ਨੇ ਨਿਵੇਸ਼ਕਾਂ ਅਤੇ ਉਦਯੋਗਪਤੀਆਂ ਨੂੰ ਪੰਜਾਬ ਦੇ ਨੌਜਵਾਨਾਂ ਦੀ ਪ੍ਰਤਿਭਾ 'ਤੇ ਭਰੋਸਾ ਕਰਨ ਅਤੇ ਸੂਬੇ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਭਾਈਵਾਲ ਹੋਣ ਦਾ ਸੱਦਾ ਦਿੱਤਾ।

ਸੂਬਾ ਸਰਕਾਰ ਦੀ ਬਿਜ਼ਨਸ ਬਲਾਸਟਰਜ਼ ਮੁਹਿੰਮ ਤਹਿਤ ਨੌਜਵਾਨਾਂ ਨੂੰ ਇਕਜੁੱਟ ਹੋਣ ਅਤੇ ਨਿਵੇਕਲੇ ਵਿਚਾਰਾਂ ਦੀ ਪੜਚੋਲ ਕਰਨ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਵਿਦਿਆਰਥੀ ਵਿਲੱਖਣ ਵਿਚਾਰਾਂ ਨਾਲ ਭਰਪੂਰ ਹਨ ਪਰ ਅਕਸਰ ਉਨ੍ਹਾਂ ਨੂੰ ਮਾਨਤਾ ਅਤੇ ਉਤਸ਼ਾਹ ਦੇਣ ਦੀ ਘਾਟ ਰਹੀ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਅਸੀਂ ਮਿਸਾਲਾਂ ਨਾਲ ਭਰੀ ਉਸ ਦੁਨੀਆਂ ਵਿੱਚ ਰਹਿੰਦੇ ਹਾਂ, ਜਿੱਥੇ ਸਫ਼ਲਤਾ ਸਿਰਫ਼ ਪੇਸ਼ਕਾਰੀ ‘ਤੇ ਨਹੀਂ, ਸਗੋਂ ਸਖ਼ਤ ਮਿਹਨਤ 'ਤੇ ਨਿਰਭਰ ਕਰਦੀ ਹੈ। ਸਾਬਕਾ ਰਾਸ਼ਟਰਪਤੀ ਡਾਕਟਰ ਏ.ਪੀ.ਜੇ. ਅਬਦੁਲ ਕਲਾਮ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੁਪਨੇ ਉਹ ਨਹੀਂ ਹੁੰਦੇ ਜੋ ਨੀਂਦ ਵਿੱਚ ਦੇਖੇ ਜਾਂਦੇ ਹਨ, ਬਲਕਿ ਅਸਲ ਸੁਪਨੇ ਸੌਣ ਨਹੀਂ ਦਿੰਦੇ।

ਨੌਜਵਾਨਾਂ ਨੂੰ ਥੋੜੇ ਸਮੇਂ ਪ੍ਰਸਿੱਧੀ ਤੋਂ ਦੂਰ ਰਹਿਣ ਲਈ ਉਤਸ਼ਾਹਿਤ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸਮਾਜ ਲਈ ਚਾਨਣ ਮੁਨਾਰੇ ਬਣਨ ਲਈ ਕਿਹਾ। ਟੂਥਪੇਸਟ ਕੰਪਨੀ ਦੀ ਵਿਕਰੀ ਵਧਾਉਣ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਇੱਕ ਸਧਾਰਨ ਅਤੇ ਕੰਮ ਯੋਗ ਵਿਚਾਰ ਨੇ ਇੱਕ ਕੰਪਨੀ ਦੀ ਕਿਸਮਤ ਨੂੰ ਬਦਲ ਦਿੱਤਾ। ਭਗਵੰਤ ਸਿੰਘ ਮਾਨ ਨੇ ਮਾਣ ਨਾਲ ਕਿਹਾ ਕਿ ਮਾਸਟਰਕਾਰਡ ਦੇ ਸੀਈਓ ਵਾਂਗ ਸਵਿਗੀ ਅਤੇ ਜੋਮੈਟੋ ਦੇ ਸੰਸਥਾਪਕ ਵੀ ਪੰਜਾਬੀ ਹਨ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਸੁਪਨਿਆਂ ਨੂੰ ਉਡਾਣ ਦੇਣ ਲਈ ਇੱਕ ਰਨਵੇ ਵਜੋਂ ਕੰਮ ਕਰ ਰਹੀ ਹੈ।

ਇਸ ਮੌਕੇ ਕੈਬਨਿਟ ਮੰਤਰੀ ਸੰਜੀਵ ਅਰੋੜਾ, ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਅਤੇ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ।

* ਨਵੀਨਤਮ ਵਿਕਾਸ ਲਈ ਸੂਬੇ ਦੇ ਸਹਿਯੋਗ ਨੂੰ ਉਜਾਗਰ ਕਰਦਾ ਸਟਾਰਟਅੱਪ ਪੰਜਾਬ ਕਨਕਲੇਵ 2026 *

ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਨੇ ਕਪੂਰਥਲਾ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਸਫ਼ਲਤਾਪੂਰਵਕ ਸਟਾਰਟਅਪ ਪੰਜਾਬ ਕਨਕਲੇਵ 2026 ਕਰਵਾਇਆ ਗਿਆ, ਜਿਸ ਨੂੰ ਨਵੀਨਤਾ, ਉੱਦਮਤਾ ਅਤੇ ਪੰਜਾਬ ਦੇ ਤੇਜ਼ੀ ਨਾਲ ਵਿਕਾਸ ਕਰ ਰਹੇ ਸਟਾਰਟਅਪ ਈਕੋਸਿਸਟਮ ਲਈ ਪ੍ਰਮੁੱਖ ਰਾਜ-ਪੱਧਰੀ ਪਲੇਟਫਾਰਮ ਵਜੋਂ ਘੋਸ਼ਿਤ ਕੀਤਾ ਗਿਆ। ਇਸ ਸੰਮੇਲਨ ਦੌਰਾਨ ਸਟਾਰਟਅੱਪਸ, ਇਨਕਿਊਬੇਟਰਜ਼, ਨਿਵੇਸ਼ਕ, ਉਦਯੋਗਿਕ ਦਿੱਗਜ਼, ਅਕਾਦਮਿਕ ਮਾਹਿਰ ਅਤੇ ਨੀਤੀ ਖੜ੍ਹਨ ਵਾਲੇ ਇੱਕੋ ਮੰਚ ‘ਤੇ ਇਕੱਠੇ ਹੋਏ, ਜਿਹਨਾਂ ਨੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਨੂੰ ਨਵੀਨਤਮ ਉੱਦਮਾਂ ਲਈ ਇੱਕ ਤਰਜੀਹੀ ਮੰਜ਼ਿਲ ਵਜੋਂ ਚੁਣਨ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ।

ਇਸ ਸੰਮੇਲਨ ਵਿੱਚ 75 ਤੋਂ 80 ਸਟਾਰਟਅੱਪਸ, ਇਨਕਿਊਬੇਟਰਜ਼, ਇੰਡਸਟਰੀ ਐਸੋਸੀਏਸ਼ਨ ਅਤੇ ਈਕੋਸਿਸਟਮ ਪਾਰਟਨਰਜ਼ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਨੇ ਆਪਣੇ ਉਤਪਾਦਾਂ, ਸੇਵਾਵਾਂ ਅਤੇ ਨਵੀਨਤਾਵਾਂ ਨੂੰ ਉਜਾਗਰ ਕੀਤਾ, ਜੋ ਕਿ ਪੰਜਾਬ ਵਿੱਚ ਸਟਾਰਟਅੱਪ ਦੀ ਸਮੱਰਥਾ ਨੂੰ ਦਰਸਾਉਂਦੇ ਹਨ। ਇਸ ਸਮਾਗਮ ਵਿੱਚ ਸਟਾਰਟਅਪ ਪੰਜਾਬ ਈਕੋਸਿਸਟਮ ਅਤੇ ਸਰਕਾਰੀ ਪਹਿਲਕਦਮੀਆਂ, ਸੀਡ-ਫੰਡਿੰਡ ਸਟਾਰਟਅੱਪਸ ਨੂੰ ਚੈੱਕ ਵੰਡਣ ਅਤੇ ਇਨਵੈਸਟ ਪੰਜਾਬ ਸਮਿਟ ਨਾਲ ਜੁੜੇ ਸਟਾਰਟਅਪ-ਸਬੰਧਤ ਸਮਰਥਕਾਂ ਨੂੰ ਉਜਾਗਰ ਕੀਤਾ ਗਿਆ।

ਇਸ ਸੰਮੇਲਨ ਵਿੱਚ ਇਨਕਿਊਬੇਟਰ ਸਹਾਇਤਾ ਪ੍ਰਣਾਲੀਆਂ ਨੂੰ ਹੋਰ ਮਜ਼ਬੂਤ ਕਰਨ, ਸਕੇਲੇਬਲ ਸਟਾਰਟਅੱਪ ਬਣਾਉਣ ਬਾਰੇ ਸੰਸਥਾਪਕ ਦੁਆਰਾ ਸਮਝ, ਆਰਟੀਫ਼ੀਸ਼ਲ ਇੰਟੈਲੀਜੈਂਸ, ਡੂੰਘੀ ਤਕਨੀਕ ਅਤੇ ਸਾਈਬਰ ਸੁਰੱਖਿਆ ਵਰਗੇ ਉੱਭਰ ਰਹੇ ਤਕਨਾਲੋਜੀ ਖੇਤਰਾਂ 'ਤੇ ਥੀਮ ਅਧਾਰਤ ਪੈਨਲ ਚਰਚਾਵਾਂ ਦੀ ਮੇਜ਼ਬਾਨੀ ਵੀ ਕੀਤੀ ਗਈ। ਇਹ ਸਮਾਗਮ ਇਨਕਿਊਬੇਟਰਸ, ਸਮਰਥਕਾਂ ਅਤੇ ਨੋਡਲ ਏਜੰਸੀਆਂ ਨੂੰ ਮਾਨਤਾ ਦੇਣ ਨਾਲ ਸਮਾਪਤ ਕੀਤਾ ਗਿਆ, ਜਿਸ ਵਿੱਚ ਨਵੀਨਤਾ ਅਤੇ ਉੱਦਮਤਾ ਦੁਆਰਾ ਸੰਮਲਿਤ ਅਤੇ ਟਿਕਾਊ ਆਰਥਿਕ ਵਿਕਾਸ ਦੇ ਪੰਜਾਬ ਦੇ ਵਿਆਪਕ ਦ੍ਰਿਸ਼ਟੀਕੋਣ ਨੂੰ ਪੇਸ਼ ਕੀਤਾ ਗਿਆ।