ਜਾਪਾਨ ਦੌਰੇ ਦੇ ਦੂਜੇ ਦਿਨ ਮੁੱਖ ਮੰਤਰੀ ਦੇ ਸੁਹਿਰਦ ਯਤਨਾਂ ਸਦਕਾ ਸੂਬੇ ਵਿੱਚ 400 ਕਰੋੜ ਰੁਪਏ ਦੇ ਨਿਵੇਸ਼ ਲਈ ਹੋਇਆ ਰਾਹ ਪੱਧਰਾ

ਜਾਪਾਨ ਦੌਰੇ ਦੇ ਦੂਜੇ ਦਿਨ ਮੁੱਖ ਮੰਤਰੀ ਦੇ ਸੁਹਿਰਦ ਯਤਨਾਂ ਸਦਕਾ ਸੂਬੇ ਵਿੱਚ 400 ਕਰੋੜ ਰੁਪਏ ਦੇ ਨਿਵੇਸ਼ ਲਈ ਹੋਇਆ ਰਾਹ ਪੱਧਰਾ

ਚੰਡੀਗੜ੍ਹ, 3 ਦਸੰਬਰ:

ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦਿੰਦੇ ਹੋਏ ਜਾਪਾਨ ਦੀ ਸਿਰਮੌਰ ਕੰਪਨੀ ਟੌਪਨ ਸਪੈਸ਼ਲਿਟੀ ਫਿਲਮਜ਼ ਪ੍ਰਾਈਵੇਟ ਲਿਮਟਿਡ (ਟੀ.ਐਸ.ਐਫ.) ਨੇ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਾਲ ਆਪਣੀ ਵਿਸਥਾਰ ਯੋਜਨਾ ਦੇ ਹਿੱਸੇ ਵਜੋਂ ਸੂਬੇ ਵਿੱਚ 400 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਸਮਝੌਤਾ ਸਹੀਬੱਧ ਕੀਤਾ।

ਇਸ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ ਮੁੱਖ ਮੰਤਰੀ, ਜੋ ਜਾਪਾਨ ਦੇ ਦੌਰੇ ’ਤੇ ਹਨ, ਨੇ ਕਿਹਾ ਕਿ ਟੀ.ਐਸ.ਐਫ. ਅਤੇ ਇਨਵੈਸਟ ਪੰਜਾਬ ਨੇ ਪੰਜਾਬ ਵਿੱਚ ਇੱਕ ਹੁਨਰ ਉੱਤਮਤਾ ਕੇਂਦਰ ਸ਼ੁਰੂ ਕਰਨ ਵਿੱਚ ਸਾਂਝੇਦਾਰੀ ਅਤੇ ਸਹਿਯੋਗ ਦੇਣ ਲਈ ਸਹਿਮਤੀ ਦਿੱਤੀ ਹੈ ਤਾਂ ਜੋ ਹੁਨਰਮੰਦ/ਅਰਧ-ਹੁਨਰਮੰਦ ਵਿਅਕਤੀਆਂ/ਕਾਮਿਆਂ/ਨੌਜਵਾਨਾਂ ਨੂੰ ਉੱਚ ਪੱਧਰੀ ਸਿਖਲਾਈ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਉਦਯੋਗਾਂ ਲਈ ਲੋੜੀਂਦੇ ਹੁਨਰਾਂ ਦਾ ਪਸਾਰਾ ਕਰਨ ਦੇ ਨਾਲ-ਨਾਲ ਪੰਜਾਬ ਵਿੱਚ ਨਵੇਂ ਰੁਜ਼ਗਾਰ ਮੌਕੇ ਪੈਦਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਏਗੀ । ਸਾਂਝੇਦਾਰੀ ਦੇ ਖੇਤਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਉਪਰਾਲਾ ਮੌਜੂਦਾ ਅਤੇ ਉੱਭਰ ਰਹੇ ਉਦਯੋਗ ਦੀਆਂ ਲੋੜਾਂ ਅਨੁਸਾਰ ਸਿਖਲਾਈ ਪ੍ਰਦਾਨ ਕਰਨ ’ਤੇ ਅਧਾਰਤ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਂਝੇਦਾਰੀ ਉਨ੍ਹਾਂ ਜਦੀਦ ਅਤੇ ਤਕਨੀਕੀ ਹੁਨਰਾਂ ’ਤੇ ਵੀ ਕੇਂਦਰਿਤ ਹੈ, ਜੋ ਜ਼ਿਆਦਾਤਰ ਆਸਾਨੀ ਨਾਲ ਉਪਲਬਧ ਨਹੀਂ ਅਤੇ ਇਸ ਸਮਝੌਤੇ ਤਹਿਤ ਉਦਯੋਗ-ਜਗਤ ਅਤੇ ਵਿਸ਼ਵ ਪੱਧਰੀ ਮਾਪਦੰਡਾਂ ਅਨੁਸਾਰ ਸਿਖਲਾਈ ਪ੍ਰਮਾਣੀਕਰਣ ਵੀ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਮਝੌਤਾ (ਐਮਓਯੂ) ਪੰਜਾਬ ਅਤੇ ਭਾਰਤ ਭਰ ਵਿੱਚ ਟੀ.ਐਸ.ਐਫ. ਅਤੇ ਹੋਰ ਵੱਡੇ ਪੱਧਰ ਦੇ ਉਦਯੋਗਾਂ ਵਿੱਚ ਅਪ੍ਰੈਂਟਿਸਸ਼ਿਪ ਅਤੇ ਰੁਜ਼ਗਾਰ ਦੇ ਮੌਕਿਆਂ ਲਈ ਵੀ ਰਾਹ ਪੱਧਰਾ ਕਰੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਇੱਕ ਪੌਲੀਟੈਕਨਿਕ/ਤਕਨੀਕੀ ਸੰਸਥਾ ਨਾਲ ਸਾਂਝੇ ਵਿਕਾਸ ਅਤੇ ਸਿਖਲਾਈ ਦੇਣ ਸਬੰਧੀ ਅਕਾਦਮਿਕ ਸਹਿਯੋਗ ’ਤੇ ਵੀ ਜ਼ੋਰ ਦੇਵੇਗਾ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਟੀ.ਐਸ.ਐਫ. ਉਦਯੋਗ ਦੀਆਂ ਜ਼ਰੂਰਤਾਂ ਦੇ ਆਧਾਰ ’ਤੇ ਵਿੱਤੀ ਸਹਾਇਤਾ, ਤਕਨੀਕੀ ਜਾਣਕਾਰੀ, ਸਿਖਲਾਈ ਸਹਾਇਤਾ ਅਤੇ ਪਾਠਕ੍ਰਮ ਡਿਜ਼ਾਈਨਿੰਗ ਵੀ ਪ੍ਰਦਾਨ ਕਰੇਗਾ।  ਉਨ੍ਹਾਂ ਕਿਹਾ ਕਿ ਇਸ ਦੌਰਾਨ ਅਪ੍ਰੈਂਟਿਸਸ਼ਿਪਾਂ ਦੀ ਸਹੂਲਤ ਵੀ ਹੋਵੇਗੀ ਅਤੇ ਯੋਗ ਤੇ ਸਿਖਿਆਰਥੀਆਂ ਲਈ ਢੁਕਵੇਂ ਰੁਜ਼ਗਾਰ ਮੌਕੇ ਵੀ ਮਿਲਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੇ ਸੁਹਿਰਦ ਯਤਨਾਂ ਸਦਕਾ ਟੀ.ਐਸ.ਐਫ. ਨੇ ਰਸਮੀ ਤੌਰ ’ਤੇ ਲਗਪਗ 400 ਕਰੋੜ ਰੁਪਏ ਦੇ ਨਿਵੇਸ਼ ਨਾਲ ਪੰਜਾਬ ਵਿੱਚ ਆਪਣੀ ਮੌਜੂਦਾ ਨਿਰਮਾਣ ਸਹੂਲਤ ਦਾ ਵਿਸਥਾਰ ਕਰਨ ਦੀ ਇੱਛਾ  ਪ੍ਰਗਟਾਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਨਿਵੇਸ਼ ਦਾ ਉਦੇਸ਼ ਸਮਰੱਥਾ ਵਧਾਉਣਾ, ਨਵੇਂ ਰੁਜ਼ਗਾਰ ਦੀ ਸਹੂਲਤ , ਉੱਨਤ ਤਕਨਾਲੋਜੀਆਂ ਨੂੰ ਏਕੀਕ੍ਰਿਤ ਕਰਨਾ ਅਤੇ ਭਾਰਤ ਵਿੱਚ ਉਨ੍ਹਾਂ ਦੀ ਦੀਰਘਕਾਲੀ ਤੇ ਸਥਾਈ ਮੌਜੂਦਗੀ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਨਿਵੇਸ਼ ਦਾ ਮੰਤਵ ਸਮਰੱਥਾ ਦਾ ਵਿਸਥਾਰ, ਰੁਜ਼ਗਾਰ ਮੌਕਿਆਂ ਵਿੱਚ ਵਾਧਾ ਅਤੇ ਤਕਨਾਲੋਜੀ ਵਿੱਚ ਵਾਧਾ ਕਰਨਾ ਹੈ ਕਿਉਂਕਿ ਟੀਐਸਐਫ ਨੇ ਸੂਬੇ ਪ੍ਰਤੀ ਆਪਣੀ ਲੰਬੇ ਸਮੇਂ ਦੀ ਵਚਨਬੱਧਤਾ ਪ੍ਰਗਟਾਈ ਹੈ। ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਇਨ੍ਹਾਂ ਕਾਰਜਾਂ ਅਤੇ ਵਿਸਥਾਰ ਲਈ ਟੀਐਸਐਫ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਇਸ ਦੌਰਾਨ ਸੂਬੇ ਵਿੱਚ ਕੰਮ ਕਰਨ ਦੇ ਆਪਣੇ ਤਜਰਬੇ ਨੂੰ ਸਾਂਝਾ ਕਰਦੇ ਹੋਏ ਟੀ.ਐਸ.ਐਫ. ਗਰੁੱਪ ਨੇ ਇਸ ਨੂੰ ਇੱਕ ਮਜ਼ਬੂਤ ਉਦਯੋਗ- ਸਰਕਾਰੀ ਭਾਈਵਾਲੀ, ਸਹਿਜ ਸਹੂਲਤ, ਉੱਚ-ਗੁਣਵੱਤਾ ਵਾਲੀ ਕਾਰਜਬਲ ਉਪਲਬਧਤਾ, ਨਿਰੰਤਰ ਬਿਜਲੀ ਸਪਲਾਈ ਅਤੇ ਨਿਰੰਤਰ ਨਿਵੇਸ਼ਕ-ਅਨੁਕੂਲ ਵਾਤਾਵਰਣ ਦਾ ਮੁੱਢ ਦੱਸਿਆ ਹੈ। ਉਨ੍ਹਾਂ ਕਿਹਾ ਕਿ ਗਰੁੱਪ ਸੂਬੇ ਵਿੱਚ ਆਪਣੇ ਪ੍ਰਸਤਾਵਿਤ ਵਿਸਥਾਰ ਰਾਹੀਂ ਇਸ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਆਸ ਕਰਦਾ ਹੈ। ਉਨ੍ਹਾਂ ਨੇ ਇਸ ਪ੍ਰੋਜੈਕਟ ਲਈ ਜ਼ਰੂਰੀ ਪ੍ਰਵਾਨਗੀਆਂ ਅਤੇ ਸੰਚਾਲਨ ਜ਼ਰੂਰਤਾਂ ਨੂੰ ਆਸਾਨ ਬਣਾਉਣ ਲਈ ਪੰਜਾਬ ਸਰਕਾਰ ਅਤੇ ਇਨਵੈਸਟ ਪੰਜਾਬ ਤੋਂ ਨਿਰੰਤਰ ਸਹਿਯੋਗ ਦੀ ਆਸ ਪ੍ਰਗਟਾਈ। 

Tags:

Latest

ਰਾਜ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਧੰਨਾ ਅਤੇ ਵਧੀਕ ਮੁੱਖ ਸਕੱਤਰ ਡੀ ਕੇ ਤਿਵਾੜੀ ਵੱਲੋਂ ਹਰਪ੍ਰੀਤ ਸੰਧੂ ਨੂੰ ਮਿਲੇ ਸਨਮਾਨ ਲਈ ਉਨ੍ਹਾਂ ਦੀ ਭਰਵੀਂ ਸ਼ਲਾਘਾ
ਜਾਪਾਨ ਦੌਰੇ ਦੇ ਦੂਜੇ ਦਿਨ ਮੁੱਖ ਮੰਤਰੀ ਦੇ ਸੁਹਿਰਦ ਯਤਨਾਂ ਸਦਕਾ ਸੂਬੇ ਵਿੱਚ 400 ਕਰੋੜ ਰੁਪਏ ਦੇ ਨਿਵੇਸ਼ ਲਈ ਹੋਇਆ ਰਾਹ ਪੱਧਰਾ
ਯੁੱਧ ਨਸ਼ਿਆਂ ਵਿਰੁੱਧ’ ਦੇ 277ਵੇਂ ਦਿਨ ਪੰਜਾਬ ਪੁਲਿਸ ਵੱਲੋਂ 1.5 ਕਿਲੋਗ੍ਰਾਮ ਹੈਰੋਇਨ, ਅਤੇ 12,000 ਰੁਪਏ ਦੀ ਡਰੱਗ ਮਨੀ ਸਮੇਤ 103 ਨਸ਼ਾ ਤਸਕਰ ਕਾਬੂ
ਪੰਜਾਬ ਸਰਕਾਰ ਲਾਡੋਵਾਲ ਵਿਖੇ ਉੱਨਤ ਬਾਗਬਾਨੀ ਤਕਨਾਲੋਜੀ ਵਿਕਾਸ ਕੇਂਦਰ ਸਥਾਪਤ ਕਰੇਗੀ: ਮੋਹਿੰਦਰ ਭਗਤ
ਗੁਰਦਾਸਪੁਰ ਗ੍ਰਨੇਡ ਹਮਲੇ ਦੇ ਸਬੰਧ ਵਿੱਚ ਇੱਕ ਹੋਰ ਗ੍ਰਿਫ਼ਤਾਰ; ਇੱਕ ਪਿਸਤੌਲ, ਅਪਰਾਧ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਬਰਾਮਦ