’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹਰ ਘਰ ਤੱਕ ਪਹੁੰਚਾਏਗੀ ਨਸ਼ਾ ਮੁਕਤੀ ਯਾਤਰਾ : ਆਸ਼ਿਕਾ ਜੈਨ

’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹਰ ਘਰ ਤੱਕ ਪਹੁੰਚਾਏਗੀ ਨਸ਼ਾ ਮੁਕਤੀ ਯਾਤਰਾ : ਆਸ਼ਿਕਾ ਜੈਨ

ਹੁਸ਼ਿਆਰਪੁਰ, 5 ਮਈ : ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਤੇ ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਦੀ ਪ੍ਰਧਾਨਗੀ ਵਿਚ ਇਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿਚ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੇ ਭਾਗ ਲਿਆ। ਮੀਟਿੰਗ ਵਿਚ ਏ.ਡੀ.ਸੀ. ਨਿਕਾਸ ਕੁਮਾਰ, ਸਾਰੇ ਐਸ.ਡੀ.ਐਮਜ਼, ਪੁਲਿਸ ਅਧਿਕਾਰੀ, ਐਸ.ਐਮ.ਓਜ਼ ਵੀ ਮੌਜੂਦ ਸਨ।

          ਮੀਟਿੰਗ ਵਿਚ ਡਿਪਟੀ ਕਮਿਸ਼ਨਰ ਨੇ ਸਿਵਲ, ਪੁਲਿਸ ਅਤੇ ਸਿਹਤ ਵਿਭਾਗ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਪੱਸ਼ਟ ਕੀਤਾ ਕਿ ਓਟ ਸੈਂਟਰ ਅਤੇ ਨਸ਼ਾ ਛੁਡਾਊ ਕੇਂਦਰਾਂ ਵਿਚ ਦਾਖਲ ਅਤੇ ਦਵਾਈ ਲੈਣ ਵਾਲੇ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਨਹੀਂ ਹੋਣੀ ਚਾਹੀਦੀ।

          ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਕਿ ਹੁਣ ਓਟ ਸੈਂਟਰ ’ਤੇ ਮਰੀਜ਼ਾਂ ਦੀ ਰਜਿਸਟਰੇਸ਼ਨ ਤੇ ਦਵਾਈ ਦੀ ਵੰਡ ਦਾ ਸਮੇਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਰਹੇਗਾ ਜਦਕਿ ਐਤਵਾਰ ਨੂੰ ਇਸ ਸੇਵਾ ਕੇਵਲ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਉਪਲਬੱਧ ਹੋਵੇਗੀ। ਐਤਵਾਰ ਅਤੇ ਗਜਟਿਡ ਛੁੱਟੀਆਂ ਵਾਲੇ ਦਿਨ ਰਜਿਸਟਰੇਸ਼ਨ ਨਹੀਂ ਕੀਤੀ ਜਾਵੇਗੀ।

          ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ 7 ਮਈ ਤੋਂ ਜ਼ਿਲ੍ਹੇ ਦੇ ਪਿੰਡਾਂ ਵਿਚ ਨਸ਼ਾ ਮੁਕਤੀ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ। ਪ੍ਰਤੀਦਿਨ ਹਰ ਵਿਧਾਨ ਸਭਾ ਹਲਕੇ ਵਿਚ ਤਿੰਨ ਪਿੰਡਾਂ ਵਿਚ ਇਹ ਯਾਤਰਾ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਨ੍ਹਾਂ ਯਾਤਰਾਵਾਂ ਦੇ ਸਫ਼ਲ ਸੰਚਾਲਨ ਲਈ ਜ਼ਰੂਰੀ ਨਿਰਦੇਸ਼ ਦਿੱਤੇ ਅਤੇ ਯਕੀਨੀ ਬਣਾਉਣ ਲਈ ਕਿਹਾ ਕਿ ਸਮਾਗਮਾਂ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਹੇ।

          ਡਿਪਟੀ ਕਮਿਸ਼ਨਰ ਨੇ ਨਸ਼ਾ ਮੁਕਤੀ ਯਾਤਰਾ ਰਾਹੀਂ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਕੇਵਲ ਨਸ਼ੇ ਦਾ ਵਿਰੋਧ ਨਹੀਂ, ਬਲਕਿ ਸਮਾਜ ਨੂੰ ਸਕਾਰਾਤਮਕ ਦਿਸ਼ਾ ਵੱਲ ਪ੍ਰੇਰਿਤ ਕਰਨਾ ਵੀ ਹੈ।

Tags: