“ਸੀ.ਐੱਮ. ਦੀ ਯੋਗਸ਼ਾਲਾ” ਵਿੱਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ
ਮਾਲੇਰਕੋਟਲਾ, 13 ਜਨਵਰੀ:
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੇ “ਸੀ.ਐੱਮ. ਦੀ ਯੋਗਸ਼ਾਲਾ” ਪ੍ਰੋਜੈਕਟ ਤਹਿਤ ਜ਼ਿਲ੍ਹੇ ਵਿੱਚ ਲੱਗ ਰਹੀਆਂ ਯੋਗਾ ਕਲਾਸਾਂ ਹੁਣ ਕੇਵਲ ਸਰੀਰਕ ਸਿਹਤ ਨੂੰ ਤੰਦਰੁਸਤ ਰੱਖਣ ਦਾ ਸਾਧਨ ਹੀ ਨਹੀਂ ਰਹੀਆਂ, ਸਗੋਂ ਇਹ ਸਮਾਜਿਕ ਸਾਂਝ, ਭਾਈਚਾਰੇ ਅਤੇ ਆਪਸੀ ਪ੍ਰੇਮ-ਪਿਆਰ ਦਾ ਪ੍ਰਤੀਕ ਵੀ ਬਣ ਰਹੀਆਂ ਹਨ। ਇਸ ਦੀ ਜਿਊਂਦੀ-ਜਾਗਦੀ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ, ਜਦੋਂ ਜ਼ਿਲ੍ਹੇ ਦੀਆਂ ਵੱਖ-ਵੱਖ ਯੋਗਾ ਕਲਾਸਾਂ ਵਿੱਚ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ, ਖੁਸ਼ੀ ਅਤੇ ਪਰਿਵਾਰਕ ਮਾਹੌਲ ਵਿੱਚ ਮਨਾਇਆ ਗਿਆ।
ਜ਼ਿਲ੍ਹੇ ਦੀਆਂ ਕਈ ਯੋਗਾ ਕਲਾਸਾਂ ਵਿੱਚ ਮੈਂਬਰਾਂ ਵੱਲੋਂ ਇਕੱਠੇ ਹੋ ਕੇ ਲੋਹੜੀ ਮਨਾਈ ਗਈ, ਜਿੱਥੇ ਆਪਸੀ ਸਾਂਝੀਵਾਲਤਾ ਦੀ ਖੂਬਸੂਰਤ ਝਲਕ ਵੇਖਣ ਨੂੰ ਮਿਲੀ। ਯੋਗਾ ਕਲਾਸਾਂ ਦੇ ਮੈਂਬਰਾਂ ਨੇ ਦੱਸਿਆ ਕਿ ਯੋਗਾ ਕਰਨ ਨਾਲ ਨਾ ਸਿਰਫ਼ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਵਿੱਚ ਸੁਧਾਰ ਆ ਰਿਹਾ ਹੈ, ਸਗੋਂ ਹੁਣ ਉਹ ਹਰ ਤਿਉਹਾਰ ਨੂੰ ਪਰਿਵਾਰਕ ਮੈਂਬਰਾਂ ਵਾਂਗ ਇਕੱਠੇ ਹੋ ਕੇ ਮਨਾਉਂਦੇ ਹਨ।
ਬਲਾਕ ਅਮਰਗੜ੍ਹ ਅਤੇ ਅਹਿਮਦਗੜ੍ਹ ਵਿੱਚ ਵੀ ਯੋਗਾ ਕਲਾਸਾਂ ਦੌਰਾਨ ਲੋਹੜੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਤੋਂ ਇਲਾਵਾ, ਸਰਕਾਰੀ ਕਾਲਜ ਵਿੱਚ ਚੱਲ ਰਹੇ ਯੋਗਾ ਮੈਡੀਟੇਸ਼ਨ ਸਾਇੰਸ ਕੋਰਸ ਦੇ ਵਿਦਿਆਰਥੀਆਂ ਵੱਲੋਂ ਵੀ “ਸੀ.ਐੱਮ. ਦੀ ਯੋਗਸ਼ਾਲਾ” ਦੇ ਅਧੀਨ ਲੋਹੜੀ ਮਨਾਈ ਗਈ, ਜਿਸ ਨਾਲ ਵਿਦਿਆਰਥੀਆਂ ਅਤੇ ਟ੍ਰੇਨਰਾਂ ਵਿੱਚ ਨਵਾਂ ਜੋਸ਼ ਅਤੇ ਉਤਸ਼ਾਹ ਵੇਖਣ ਨੂੰ ਮਿਲਿਆ।
ਜ਼ਿਕਰਯੋਗ ਹੈ ਕਿ ਇਸ ਸਮੇਂ ਜ਼ਿਲ੍ਹੇ ਵਿੱਚ ਕੁੱਲ 143 ਯੋਗਾ ਕਲਾਸਾਂ ਨਿਰੰਤਰ ਚੱਲ ਰਹੀਆਂ ਹਨ, ਜਿਨ੍ਹਾਂ ਨੂੰ 15 ਯੋਗਾ ਟ੍ਰੇਨਰਾਂ ਵੱਲੋਂ ਸੰਚਾਲਿਤ ਕੀਤਾ ਜਾ ਰਿਹਾ ਹੈ ਅਤੇ 27 ਵਿਦਿਆਰਥੀ ਸਕਾਲਰਸ਼ਿਪ ਦਾ ਲਾਭ ਲੈ ਰਹੇ ਹਨ। ਇਹ ਪ੍ਰੋਜੈਕਟ ਨਾ ਸਿਰਫ਼ ਲੋਕਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰ ਰਿਹਾ ਹੈ, ਸਗੋਂ ਸਮਾਜ ਵਿੱਚ ਏਕਤਾ, ਸਾਂਝ ਅਤੇ ਭਾਈਚਾਰੇ ਦੀ ਭਾਵਨਾ ਨੂੰ ਵੀ ਮਜ਼ਬੂਤ ਕਰ ਰਿਹਾ ਹੈ।


