ਪੰਜਾਬੀਓ ਹੋ ਜਾਓ ਸਾਵਧਾਨ.! ਭਾਰੀ ਮੀਂਹ 'ਤੇ ਤੂਫ਼ਾਨ ਦੀ ਚੇਤਵਾਨੀ
ਪੰਜਾਬ ਵਿਚ ਮਾਨਸੂਨ ਇਕਦਮ ਸਰਗਰਮ ਹੋ ਗਿਆ ਹੈ ਅਤੇ ਮੌਸਮ ਵਿਭਾਗ ਨੇ 23 ਜੁਲਾਈ ਲਈ ਸੂਬੇ ਦੇ ਕੁਝ ਹਿੱਸਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ, ਖਾਸ ਕਰਕੇ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਵਿੱਚ ਭਾਰੀ ਬਾਰਿਸ਼ ਦੀ ਚਿਤਾਵਨੀ ਦਿੱਤੀ ਗਈ ਹੈ, ਜਿੱਥੇ 75 ਤੋਂ 100 ਪ੍ਰਤੀਸ਼ਤ ਖੇਤਰਾਂ ਵਿੱਚ ਬਾਰਿਸ਼ ਹੋਣ ਦੀ ਉਮੀਦ ਹੈ।
ਮੌਸਮ ਵਿਭਾਗ ਅਨੁਸਾਰ ਅੱਜ 3:30 ਵਜੇ ਤੱਕ ਪੰਜਾਬ ਵਿੱਚ 29 ਥਾਵਾਂ ‘ਤੇ ਮੀਂਹ ਅਤੇ ਗਰਜ ਨਾਲ ਚਿਤਾਵਨੀ ਜਾਰੀ ਕੀਤੀ ਗਈ ਸੀ। ਕੁਝ ਇਲਾਕਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ-ਨਾਲ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ। ਹਵਾਵਾਂ ਦੀ ਗਤੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ।
ਗੁਰਦਾਸਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ ਵਿਚ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ (ਖੇਤਰ ਵਿੱਚ 25-50%) ਹੋਵੇਗੀ।ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਮੋਗਾ, ਬਰਨਾਲਾ, ਸੰਗਰੂਰ, ਮਾਨਸਾ, ਫਰੀਦਕੋਟ, ਫਾਜ਼ਿਲਕਾ, ਮੁਕਤਸਰ, ਬਠਿੰਡਾ ਵਿਚ ਤੇਜ਼ ਹਵਾਵਾਂ ਨਾਲ ਮੀਂਹ ਪਵੇਗਾ।
ਮੌਸਮ ਵਿਭਾਗ ਨੇ ਲਹਿਰਾ, ਸੁਨਾਮ, ਸੰਗਰੂਰ, ਬਰਨਾਲਾ, ਧੂਰੀ, ਫਿਰੋਜ਼ਪੁਰ, ਜ਼ੀਰਾ, ਪੱਟੀ, ਤਰਨਤਾਰਨ ਅਤੇ ਅੰਮ੍ਰਿਤਸਰ ਆਦਿ ਖੇਤਰਾਂ ਵਿੱਚ ਦਰਮਿਆਨੀ ਬਾਰਿਸ਼, ਬਿਜਲੀ ਅਤੇ ਤੇਜ਼ ਹਵਾਵਾਂ ਦੀ ਚਿਤਾਵਨੀ ਦਿੱਤੀ ਹੈ। ਜਦਕਿ ਬੁਢਲਾਡਾ, ਮਲੇਰਕੋਟਲਾ, ਮੂਨਕ, ਪਾਤੜਾਂ, ਮੁਕਤਸਰ ਸਾਹਿਬ, ਜਲਾਲਾਬਾਦ, ਬਾਘਾ ਪੁਰਾਣਾ, ਫਰੀਦਕੋਟ, ਮੋਗਾ, ਸ਼ਾਹਕੋਟ, ਸੁਲਤਾਨਪੁਰ ਲੋਧੀ, ਖਡੂਰ ਸਾਹਿਬ ਅਤੇ ਅਜਨਾਲਾ ਵਿਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਕੋਂਕਣ, ਗੋਆ, ਮੱਧ ਮਹਾਰਾਸ਼ਟਰ, ਉਪ-ਹਿਮਾਲੀਅਨ ਪੱਛਮੀ ਬੰਗਾਲ, ਓਡੀਸ਼ਾ, ਬਿਹਾਰ ਦੇ ਨਾਲ-ਨਾਲ ਉੱਤਰ-ਪੂਰਬੀ ਭਾਰਤ ਵਿਚ ਭਾਰੀ ਮੀਂਹ ਪਿਆ। ਮੰਗਲਵਾਰ ਨੂੰ ਦਿੱਲੀ-ਐਨਸੀਆਰ ਵਿੱਚ ਵੀ ਭਾਰੀ ਮੀਂਹ ਪਿਆ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਬੁੱਧਵਾਰ ਯਾਨੀ ਅੱਜ ਦਿੱਲੀ-ਐਨਸੀਆਰ ਵਿੱਚ ਇਹ ਸਿਲਸਲਾ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਮੰਗਲਵਾਰ ਨੂੰ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।