ਆਈਐਸਆਈ ਦੀ ਹਮਾਇਤ ਪ੍ਰਾਪਤ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫ਼ਾਸ਼; ਏਕੇ-47 ਰਾਈਫਲ ਸਮੇਤ ਚਾਰ ਹਥਿਆਰਾਂ ਨਾਲ ਦੋ ਮੁਲਜ਼ਮ ਅੰਮ੍ਰਿਤਸਰ ਤੋਂ ਕਾਬੂ

ਆਈਐਸਆਈ ਦੀ ਹਮਾਇਤ ਪ੍ਰਾਪਤ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫ਼ਾਸ਼; ਏਕੇ-47 ਰਾਈਫਲ ਸਮੇਤ ਚਾਰ ਹਥਿਆਰਾਂ ਨਾਲ ਦੋ ਮੁਲਜ਼ਮ ਅੰਮ੍ਰਿਤਸਰ ਤੋਂ ਕਾਬੂ

ਚੰਡੀਗੜ੍ਹ/ਅੰਮ੍ਰਿਤਸਰ, 14 ਮਾਰਚ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਆਈ.ਐਸ.ਆਈ. ਦੀ ਹਮਾਇਤ ਪ੍ਰਾਪਤ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਵਾਲੇ ਅਤੇ ਦਹਿਸ਼ਤੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਮੁਲਜ਼ਮਾਂ ਕੋਲੋਂ ਚਾਰ ਅਤਿ-ਆਧੁਨਿਕ ਹਥਿਆਰ, ਜਿਨ੍ਹਾਂ ਵਿੱਚ ਦੋ ਮੈਗਜ਼ੀਨਾਂ ਅਤੇ 36 ਜ਼ਿੰਦਾ ਕਾਰਤੂਸਾਂ ਸਮੇਤ ਏ.ਕੇ.-47 ਰਾਈਫ਼ਲ ਸ਼ਾਮਲ ਹੈ, ਬਰਾਮਦ ਕੀਤੇ ਹਨ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਸੇਵਕ ਸਿੰਘ ਉਰਫ਼ ਸੂਰਜ ਵਾਸੀ ਨਵੀਂ ਆਬਾਦੀ ਅਟਾਰੀ, ਅੰਮ੍ਰਿਤਸਰ ਅਤੇ ਅਮਰਜੀਤ ਸਿੰਘ ਉਰਫ ਰੋਹਿਤ ਵਾਸੀ ਸੁਭਾਸ਼ ਰੋਡ ਛੇਹਰਟਾ, ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਏਕੇ-47 ਰਾਈਫਲ ਬਰਾਮਦ ਕਰਨ ਤੋਂ ਇਲਾਵਾ ਤਿੰਨ ਅਤਿ-ਆਧੁਨਿਕ 9 ਐਮਐਮ ਗਲੋਕ ਪਿਸਤੌਲ ਵੀ ਬਰਾਮਦ ਕੀਤੇ ਹਨ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਅਨੁਸਾਰ ਉਕਤ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਵਿਦੇਸ਼ੀ ਹੈਂਡਲਰਾਂ ਦੇ ਸੰਪਰਕ ਵਿੱਚ ਸਨ। ਉਨ੍ਹਾਂ ਦੱਸਿਆ ਕਿ ਇਹ ਮਾਡਿਊਲ ਕੱਟੜਪੰਥੀ ਗਤੀਵਿਧੀਆਂ ਅਤੇ ਭਾਰਤ ਵਿਰੋਧੀ ਤੇ ਪੁਲਿਸ ਵਿਰੋਧੀ ਬਿਰਤਾਂਤ ਫੈਲਾਉਣ ਵਰਗੀਆਂ ਗਤੀਵਿਧੀਆਂ ਵਿਚ ਵੀ ਸ਼ਾਮਲ ਰਿਹਾ ਹੈ।

ਡੀਜੀਪੀ ਨੇ ਕਿਹਾ ਕਿ ਸਮੁੱਚੇ ਨੈਟਵਰਕ ਦਾ ਪਰਦਾਫ਼ਾਸ਼ ਕਰਨ ਲਈ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਅੰਮ੍ਰਿਤਸਰ ਦਿਹਾਤੀ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਥਾਣਾ ਘਰਿੰਡਾ ਦੀਆਂ ਟੀਮਾਂ ਨੇ ਪਿੰਡ ਮੁਹਾਵਾ ਤੋਂ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ  ਹਥਿਆਰਾਂ ਦੀ ਖੇਪ, ਜਿਸ ਵਿੱਚ ਏ.ਕੇ.-47 ਸਮੇਤ ਗੋਲੀ-ਸਿੱਕਾ ਅਤੇ ਤਿੰਨ ਗਲੌਕ ਪਿਸਤੌਲ ਸ਼ਾਮਲ ਹਨ, ਬਰਾਮਦ ਕੀਤੇ।

ਐਸਐਸਪੀ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਥਿਆਰਾਂ ਦੀ ਇਹ ਖੇਪ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਉਦੇਸ਼ ਨਾਲ ਮਾਡਿਊਲ ਦੇ ਵਿਦੇਸ਼ੀ ਹੈਂਡਲਰਾਂ ਵੱਲੋਂ ਪਾਕਿਸਤਾਨ ਦੇ ਰਸਤਿਓਂ ਭੇਜੀ ਗਈ ਸੀ।

ਇਸ ਸਬੰਧੀ ਥਾਣਾ ਘਰਿੰਡਾ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25(1)(ਏ), 25(6), 25(7), 25(8) ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਦੀਆਂ ਧਾਰਾਵਾਂ 13, 16, 18 ਤਹਿਤ ਐਫ.ਆਈ.ਆਰ. ਨੰ. 80 ਮਿਤੀ 12.03.2026 ਦਰਜ ਕੀਤੀ ਗਈ ਹੈ। 

Latest

ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ: ਪੁਰਜਿਆਂ ਤੋਂ ਪਲੈਟਫਾਰਮਾਂ ਤੱਕ" ਵਿਸ਼ੇ ਤਹਿਤ ਸਾਈਕਲ ਅਤੇ ਈ-ਬਾਈਕਸ- ਆਲਮੀ ਬਾਜ਼ਾਰਾਂ ਲਈ ਪੰਜਾਬ ਦੇ ਅਗਲੇ ਪੀੜ੍ਹੀ ਦੇ ਸਾਈਕਲ"
ਆਈਐਸਆਈ ਦੀ ਹਮਾਇਤ ਪ੍ਰਾਪਤ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫ਼ਾਸ਼; ਏਕੇ-47 ਰਾਈਫਲ ਸਮੇਤ ਚਾਰ ਹਥਿਆਰਾਂ ਨਾਲ ਦੋ ਮੁਲਜ਼ਮ ਅੰਮ੍ਰਿਤਸਰ ਤੋਂ ਕਾਬੂ
ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਵਿੱਚ ਰੱਖਿਆ ਖੇਤਰ ਨੂੰ ਹੁਲਾਰਾ ਦੇਣ ਲਈ ਮਜਬੂਤ ਸੰਪਰਕ ਅਤੇ ਤਕਨੀਕੀ ਈਕੋ ਸਿਸਟਮ ਨੂੰ ਉਭਾਰਿਆ
ਨਿਵੇਸ਼ ਪੰਜਾਬ ਸੰਮੇਲਨ: 'ਆਈਡੀਆ ਟੂ ਇਮਪੈਕਟ: ਇਕ ਸਟਾਰਟਅੱਪ ਡੈਸਟੀਨੇਸ਼ਨ ਵਜੋਂ ਪੰਜਾਬ ਦੀ ਯਾਤਰਾ'- ਸੈਸ਼ਨ ਨੇ ਰਾਜ ਦੇ ਮਜ਼ਬੂਤ ਈਕੋਸਿਸਟਮ ਅਤੇ ਯੂਨੀਕੋਰਨ ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨ ਦੇ ਦ੍ਰਿਸ਼ਟੀਕੋਣ 'ਤੇ ਰੌਸ਼ਨੀ ਪਾਈ
ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਹਰਿਆਣਾ ਦੇ ਸਪੀਕਰ ਦੀ ਮਾਤਾ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ