ਚੋਣ ਆਬਜ਼ਰਵਰ ਵੱਲੋਂ ਨਾਮਜ਼ਦਗੀ ਪ੍ਰਕ੍ਰਿਆ ਦਾ ਜਾਇਜ਼ਾ, ਬੈਲੇਟ ਬਕਸਿਆਂ ਦੇ ਵੇਅਰਹਾਊਸ ਦਾ ਵੀ ਨਿਰੀਖਣ
ਪਟਿਆਲਾ ( ਮਾਲਕ ਸਿੰਘ ਘੁੰਮਣ )-ਜ਼ਿਲ੍ਹੇ ਅੰਦਰ 23 ਜ਼ਿਲ੍ਹਾ ਪ੍ਰੀਸ਼ਦ ਜੋਨਾਂ ਤੇ 10 ਬਲਾਕ ਸੰਮਤੀਆਂ ਦੇ 184 ਜੋਨਾਂ ਦੀਆਂ ਚੋਣਾਂ ਲਈ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਨਿਯੁਕਤ ਚੋਣ ਆਬਜ਼ਰਵਰ ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਨੇ ਨਾਮਜ਼ਦਗੀਆਂ ਪ੍ਰਕ੍ਰਿਆ ਦਾ ਜਾਇਜ਼ਾ ਲੈਣ ਲਈ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਅਤੇ ਬੈਲੇਟ ਬਕਸੇ ਰੱਖਣ ਲਈ ਬਣਾਏ ਵੇਅਰਹਾਊਸ ਦਾ ਵੀ ਨਿਰੀਖਣ ਕੀਤਾ।
ਵਿਨੈ ਬੁਬਲਾਨੀ ਨੇ ਨਾਮਜਦਗੀਆਂ ਦਾਖਲ ਕਰਨ ਦੀ ਪ੍ਰਕ੍ਰਿਆ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਪਟਿਆਲਾ ਦਿਹਾਤੀ ਲਈ ਆਈ.ਟੀ.ਆਈ. ਲੜਕੇ ਨਾਭਾ ਰੋਡ ਵਿਖੇ ਰਿਟਰਨਿੰਗ ਅਧਿਕਾਰੀਆਂ ਦੇ ਦਫ਼ਤਰਾਂ ਸਮੇਤ ਬੀ.ਡੀ.ਪੀ.ਓ ਪਟਿਆਲਾ ਦੇ ਦਫ਼ਤਰ ਵਿਖੇ ਪਟਿਆਲਾ ਬਲਾਕ ਸੰਮਤੀ ਲਈ ਰਿਟਨਰਨਿੰਗ ਅਫ਼ਸਰ ਦੇ ਦਫ਼ਤਰ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਏ.ਡੀ.ਸੀ. (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਤੇ ਐਸ.ਪੀ. ਸਿਟੀ ਪਲਵਿੰਦਰ ਸਿੰਘ ਚੀਮਾ ਵੀ ਮੌਜੂਦ ਸਨ।
ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਨੇ ਸਮੂਹ ਰਿਟਰਨਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੋਣਾਂ ਪੁਰ ਅਮਨ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਆਦਰਸ਼ ਚੋਣ ਜਾਬਤੇ ਦੀ ਪਾਲਣਾ ਕਰਨ 'ਚ ਕੋਈ ਕੁਤਾਹੀ ਨਾ ਵਰਤੀ ਜਾਵੇ। ਉਨ੍ਹਾਂ ਨੇ ਇਸ ਮੌਕੇ ਨਾਮਜ਼ਦਗੀਆਂ ਦਾਖਲ ਕਰਵਾਉਣ ਆਏ ਉਮੀਦਵਾਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਪੂਰੀ ਪ੍ਰਕ੍ਰਿਆ ਉਪਰ ਸੰਤੁਸ਼ਟੀ ਦਾ ਇਜ਼ਹਾਰ ਕੀਤਾ।
ਇਸੇ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਨਾਮਜ਼ਦਗੀ ਪ੍ਰਕ੍ਰਿਆ ਅਤੇ ਚੋਣਾਂ ਵਾਲੇ ਦਿਨ ਵੋਟਿੰਗ ਪ੍ਰਕ੍ਰਿਆ 'ਤੇ ਨਜ਼ਰ ਰੱਖਣ ਲਈ ਚਾਰ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਫਲਾਇੰਗ ਸਕੁਐਡ ਟੀਮਾਂ ਦਾ ਗਠਨ ਵੀ ਕੀਤਾ ਹੈ।
ਹੁਕਮਾਂ ਮੁਤਾਬਕ ਨਗਰ ਨਿਗਮ ਦੇ ਕਮਿਸ਼ਨਰ ਪਰਮਜੀਤ ਸਿੰਘ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਤੇ ਬਲਾਕ ਸੰਮਤੀ ਪਟਿਆਲਾ, ਪਟਿਆਲਾ ਦਿਹਾਤੀ, ਸਨੌਰ ਤੇ ਭੁਨਰਹੇੜੀ ਲਈ ਅਫ਼ਸਰ ਇੰਚਾਰਜ, ਏ.ਸੀ.ਏ. ਪੀਡੀਏ ਜਸ਼ਨਪ੍ਰੀਤ ਕੌਰ ਗਿੱਲ ਨੂੰ ਬਲਾਕ ਸੰਮਤੀ ਰਾਜਪੁਰਾ, ਸ਼ੰਭੂ ਕਲਾਂ ਤੇ ਘਨੌਰ ਦਾ ਇੰਚਾਰਜ ਅਫ਼ਸਰ, ਕਰ ਵਿਭਾਗ ਦੇ ਏ.ਈ.ਟੀ.ਸੀ. ਐਡਮਿਨ ਇਸ਼ਾ ਸਿੰਗਲ ਨੂੰ ਬਲਾਕ ਸੰਮਤੀ ਸਮਾਣਾ ਤੇ ਪਾਤੜਾਂ ਦਾ ਇੰਚਾਰਜ ਅਫ਼ਸਰ ਅਤੇ ਏ.ਡੀ.ਸੀ. (ਜ) ਸਿਮਰਪ੍ਰੀਤ ਕੌਰ ਨੂੰ ਬਲਾਕ ਸੰਮਤੀ ਨਾਭਾ ਦੀ ਫਲਾਇੰਗ ਸਕੁਐਡ ਟੀਮ ਦਾ ਅਫ਼ਸਰ ਇੰਚਾਰਜ ਲਗਾਇਆ ਗਿਆ ਹੈ। ਇਹ ਫਲਾਇੰਗ ਸਕੁਐਡ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ, ਉਲੰਘਣਾ ਦੀ ਰਿਪੋਰਟ, ਅਚਨਚੇਤ ਚੈਕਿੰਗ, ਮੋਨੀਟਰਿੰਗ ਆਦਿ ਕਰਨਗੇ।


