ਜ਼ਿਲ੍ਹਾ ਤਰਨ ਤਾਰਨ ਦਾ ਉੱਦਮੀ ਕਿਸਾਨ ਚਾਨਣ ਸਿੰਘ ਨੂੰ ਸ. ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ
ਤਰਨ ਤਾਰਨ, 29 ਸਤੰਬਰ
ਪੰਜਾਬ ਐਗਰੀ ਕਰਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਕਿਸਾਨ ਮੇਲੇ ਦੌਰਾਨ ਜ਼ਿਲ੍ਹਾ ਤਰਨ ਤਾਰਨ ਦੇ ਅਗਾਹਵਧੂ ਕਿਸਾਨ ਸ. ਚਾਨਣ ਸਿੰਘ ਨੂੰ ਸ. ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਇਹ 33 ਸਾਲਾ ਬੀ ਏ ਪੜ੍ਹਿਆ ਨੌਜਵਾਨ ਪਿੰਡ ਪੱਟੀ ਦਾ ਕਿਸਾਨ ਹੈ, ਜਿਸ ਨੂੰ 21 ਸਾਲਾਂ ਦਾ ਖੇਤੀ ਤਜ਼ਰਬਾ ਹਾਸਿਲ ਹੈ । ਇਹ ਕੁੱਲ 40 ਏਕੜ ਰਕਬੇ ਤੇ ਅਨਾਜ, ਸਬਜ਼ੀਆਂ ਅਤੇ ਫ਼ਲਾਂ ਦੀ ਫ਼ਸਲ ਪ੍ਰਣਾਲੀ ਨੂੰ ਅਪਣਾ ਕੇ ਖੇਤੀ ਕਰ ਰਿਹਾ ਹੈ । ਹਾੜ੍ਹੀ ਵਿੱਚ ਇਹ ਕਿਸਾਨ ਕਣਕ ਦੇ ਨਾਲ ਸ਼ਲਗਮ ਅਤੇ ਗਾਜਰ ਬੀਜਦਾ ਹੈ ਅਤੇ ਸਾਉਣੀ ਵਿਚ ਝੋਨੇ ਨਾਲ ਕਰੇਲੇ, ਟੀਂਡੇ, ਭਿੰਡੀ ਅਤੇ ਹਦਵਾਣੇ ਦੀ ਖੇਤੀ ਕਰਦਾ ਹੈ। ਗਾਜਰ ਦਾ ਬੀਜ ਉਤਪਾਦਨ, ਤੇਲ-ਬੀਜ ਫ਼ਸਲਾਂ ਅਤੇ ਨਾਸ਼ਪਤੀ ਦੇ ਬਾਗ ਵੀ ਇਸ ਦੀ ਖੇਤੀ ਵਿਭਿੰਨਤਾ ਦਾ ਹਿੱਸਾ ਹਨ ।
ਉਨ੍ਹਾਂ ਕਿਹਾ ਕਿ ਸ. ਚਾਨਣ ਸਿੰਘ ਮਿੱਟੀ ਦੀ ਚੰਗੀ ਸਿਹਤ ਲਈ ਹਰੀ ਖਾਦ (ਛੋਲੇ ਅਤੇ ਜੰਤਰ ਆਦਿ), ਰੂੜੀ ਦੀ ਖਾਦ ਅਤੇ ਜੀਵ ਅੰਮ੍ਰਿਤ ਵਰਤਦਾ ਹੈ । ਆਪਣੇ 5 ਏਕੜ ਰਕਬੇ ਉੱਪਰ ਪਿਛਲੇ 6 ਸਾਲ ਤੋਂ ਕਣਕ, ਮੱਕੀ, ਬਾਸਮਤੀ ਅਤੇ ਸਬਜ਼ੀਆਂ ਦੀ ਜੈਵਿਕ ਖੇਤੀ ਕਰ ਰਿਹਾ ਹੈ ਅਤੇ ਵੇਸਟ ਡੀਕੰਪੋਜ਼ਰ ਦੀ ਮਦਦ ਨਾਲ ਦੇਸੀ ਰੂੜੀ ਤੋਂ ਬਹੁਤ ਗੁਣਵੱਤਾ ਵਾਲੀ ਬਦਬੂ ਰਹਿਤ ਖਾਦ ਤਿਆਰ ਕਰਦਾ ਹੈ । ਪਾਣੀ ਦੀ ਸੰਜਮੀ ਵਰਤੋਂ ਲਈ ਇਸ ਨੇ ਜ਼ਮੀਨ ਦੋਸ਼ ਪਾਈਪਾਂ ਲਗਾਈਆਂ ਹੋਈਆਂ ਹਨ । ਇਹ ਆਪਣੀ ਵਿਧੀ ਦੁਆਰਾ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਕਰਦਾ ਹੈ । ਇਹ ਖੇਤੀ ਲਈ ਹੈਪੀ ਸੀਡਰ, ਸੁਪਰ ਸੀਡਰ, ਮਲਚਰ ਅਤੇ ਉਲਟਾਵੇਂ ਹਲ ਵਰਗੇ ਆਧੁਨਿਕ ਖੇਤੀ ਸੰਦ ਅਤੇ ਮਸ਼ੀਨਰੀ ਵਰਤਦਾ ਹੈ ।
ਉਨ੍ਹਾਂ ਕਿਹਾ ਕਿ ਸ. ਚਾਨਣ ਸਿੰਘ ਸਬਜ਼ੀਆਂ ਦੀ ਕਾਸ਼ਤ ਲਈ ਨਵੇਂ ਤਜਰਬੇ ਕਰਦਾ ਰਹਿੰਦਾ ਹੈ ਅਤੇ ਨਵੀਨ ਖੇਤੀ ਗਿਆਨ ਸਿੱਖਣ ਅਤੇ ਸਿਖਾਉਣ ਲਈ ਫਾਰਮ ਸਲਾਹਕਾਰ ਸੇਵਾ ਕੇਂਦਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਤਰਨ ਤਾਰਨ ਨਾਲ ਜੁੜਿਆ ਰਹਿੰਦਾ ਹੈ । ਇਸ ਨੇ ਹੋਰ ਕਾਸ਼ਤਕਾਰਾਂ ਨੂੰ ਲਗਾਤਾਰ ਜਾਣਕਾਰੀ ਦੇਣ ਲਈ ਸੋਸ਼ਲ ਮੀਡੀਆ ਉੱਪਰ ਗਰੁੱਪ ਅਤੇ ਪੇਜ ਵੀ ਬਣਾਏ ਹੋਏ ਹਨ । ਆਪਣੇ ਅਗਾਂਹਵਧੂ ਕਾਰਜਾਂ ਸਦਕੇ ਹੁਣ ਤੱਕ ਇਹ ਅਨੇਕਾਂ ਸੰਸਥਾਵਾਂ ਅਤੇ ਖੇਤੀ ਅਦਾਰਿਆਂ ਵੱਲੋਂ ਸਨਮਾਨ ਅਤੇ ਪ੍ਰਸੰਸਾ ਪੱਤਰ ਹਾਸਲ ਕਰ ਚੁੱਕਿਆ ਹੈ ।
ਉਨ੍ਹਾਂ ਕਿਹਾ ਕਿ ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਦੇ ਇੰਚਾਰਜ ਡਾ. ਪਰਵਿੰਦਰ ਸਿੰਘ ਨੇ ਦੱਸਿਆ ਕਿ ਸਬਜ਼ੀਆਂ ਦੇ ਸਵੈ ਕਾਸ਼ਤਕਾਰ, ਕੁਦਰਤੀ ਸੋਮੇ ਬਚਾਉਣ ਵਾਲੇ ਅਤੇ ਬਹੁਭਾਂਤੀ ਖੇਤੀ ਕਰਨ ਵਾਲੇ ਉੱਦਮੀ ਨੌਜਵਾਨ ਸ. ਚਾਨਣ ਸਿੰਘ ਨੂੰ ਸ. ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿੱਖੇ ਮਿਤੀ 26, 27 ਸਤੰਬਰ 2025 ਨੂੰ ਲੱਗੇ ਕਿਸਾਨ ਮੇਲੇ ਵਿੱਚ ਮਾਨਯੋਗ ਡਾ. ਸਤਿਬੀਰ ਸਿੰਘ ਗੋਸਲ, ਉੱਪ ਕੁਲਪਤੀ, ਪੀ ਏ ਯੂ, ਵਲੋਂ ਪ੍ਰਦਾਨ ਕੀਤਾ ਗਿਆ ਹੈ । ਇਸ ਮੋਕੇ ਤੇ ਮੌਜੂਦ ਅਧਿਕਾਰੀਆਂ ਵਲੋਂ ਸ. ਚਾਨਣ ਸਿੰਘ ਨੂੰ ਵਧਾਈ ਦਿੱਤੀ ਗਈ ਅਤੇ ਹੋਰ ਕਿਸਾਨਾਂ ਨੂੰ ਵੀ ਇਸ ਅਗਾਂਹਵਧੂ ਕਿਸਾਨ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ ਗਈ ।