ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਗੜਸ਼ੰਕਰ, ਸੈੱਲਾ ਤੇ ਮਾਹਿਲਪੁਰ ਦਾਣਾ ਮੰਡੀਆਂ ਦਾ ਦੌਰਾ
ਗੜਸ਼ੰਕਰ, 26 ਅਕਤੂਬਰ:
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਗੜਸ਼ੰਕਰ ਹਲਕੇ ਦੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਅੱਜ ਬਲਦੀਪ ਸਿੰਘ ਸੈਣੀ, ਚੇਅਰਮੈਨ ਮਾਰਕੀਟ ਕਮੇਟੀ ਗੜਸ਼ੰਕਰ, ਨਾਲ ਦਾਣਾ ਮੰਡੀ ਗੜਸ਼ੰਕਰ, ਸੈੱਲਾ ਅਤੇ ਮਾਹਿਲਪੁਰ ਦਾ ਦੌਰਾ ਕੀਤਾ।
ਇਸ ਮੌਕੇ ਉਨ੍ਹਾਂ ਨੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਪ੍ਰਕਿਰਿਆ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਅਤੇ ਮੰਡੀ ਵਿੱਚ ਆਏ ਕਿਸਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਡਿਪਟੀ ਸਪੀਕਰ ਰੌੜੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਅਤੇ ਝੋਨੇ ਦੀ ਖਰੀਦ ਪ੍ਰਕਿਰਿਆ ਸੁਚਾਰੂ ਤਰੀਕੇ ਨਾਲ ਚੱਲਦੀ ਰਹੇ।
ਡਿਪਟੀ ਸਪੀਕਰ ਰੌੜੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹਿਤਾਂ ਦੀ ਰੱਖਿਆ ਲਈ ਵਚਨਬੱਧ ਹੈ ਅਤੇ ਹਰ ਮੰਡੀ ਵਿੱਚ ਬੁਨਿਆਦੀ ਸੁਵਿਧਾਵਾਂ ਨੂੰ ਹੋਰ ਮਜ਼ਬੂਤ ਤੇ ਆਧੁਨਿਕ ਬਣਾਉਣ ਲਈ ਯਤਨ ਜਾਰੀ ਹਨ।
ਇਸ ਮੌਕੇ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਸਰਕਾਰ ਵੱਲੋਂ ਕਿਸਾਨਾਂ ਦੇ ਹਿਤ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਗਏ ਹਨ, ਜਿਸ ਨਾਲ ਖੇਤੀਬਾੜੀ ਸੈਕਟਰ ਹੋਰ ਮਜ਼ਬੂਤ ਹੋ ਰਿਹਾ ਹੈ।





