ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸ਼ਾਮ ਲਾਲ ਗੋਇਲ ਨੂੰ ਸ਼ਰਧਾ ਪੁਸ਼ਪ ਅਰਪਿਤ
ਖਨੌਰੀ/ਸੁਨਾਮ, 11 ਜਨਵਰੀ
ਜਿਹੜਾ ਵੀ ਇਨਸਾਨ ਦੁਨੀਆਂ ਵਿੱਚ ਆਇਆ ਹੈ, ਉਸ ਨੇ ਇੱਕ ਦਿਨ ਇੱਥੋਂ ਜਾਣਾ ਹੀ ਜਾਣਾ ਹੈ। ਪਰ ਕੁਝ ਲੋਕ ਅਜਿਹੇ ਹੁੰਦੇ ਹਨ, ਜਿਹੜੇ ਆਪਣੇ ਗੁਣਾਂ ਨਾਲ ਸਮਾਜ ਵਿੱਚ ਅਜਿਹੀ ਮਹਿਕ ਛੱਡ ਜਾਂਦੇ ਹਨ ਕਿ ਦੁਨੀਆਂ ਤੋਂ ਜਾਣ ਤੋਂ ਬਾਅਦ ਵੀ ਉਹ ਖੁਸ਼ਬੂ ਸਮਾਜ ਵਿੱਚ ਕਾਇਮ ਰਹਿੰਦੀ ਹੈ ਤੇ ਲੋਕ ਅਜਿਹੇ ਲੋਕਾਂ ਨੂੰ ਸਦਾ ਯਾਦ ਰੱਖਦੇ ਹਨ।
ਸਵਰਗੀ ਸ਼੍ਰੀ ਸ਼ਾਮ ਲਾਲ ਗੋਇਲ ਪੁੱਤਰ ਸ਼੍ਰੀ ਬਾਬੂ ਰਾਮ ਗੋਇਲ ਵੀ ਅਜਿਹੀ ਹੀ ਸ਼ਖਸੀਅਤ ਦੇ ਮਾਲਕ ਸਨ ਤੇ ਉਹਨਾਂ ਵੱਲੋਂ ਸਮਾਜ ਦੀ ਬਿਹਤਰੀ ਲਈ ਪਾਏ ਯੋਗਦਾਨ ਨੂੰ ਸਦਾ ਯਾਦ ਰੱਖਿਆ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਸ਼੍ਰੀ ਸ਼ਾਮ ਲਾਲ ਗੋਇਲ ਨਮਿਤ ਸ੍ਰੀ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ ਅਤੇ ਰਸਮ ਪਗੜੀ ਸਮਾਰੋਹ ਵਿੱਚ ਸ਼ਾਮਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕੀਤਾ। ਇਸ ਮੌਕੇ ਉਹਨਾਂ ਨੇ ਪ੍ਰਾਰਥਨਾ ਕੀਤੀ ਕਿ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਜ਼ਿਕਰਯੋਗ ਹੈ ਕਿ ਸ਼੍ਰੀ ਸ਼ਾਮ ਲਾਲ ਗੋਇਲ, ਕੈਬਨਿਟ ਮੰਤਰੀ ਸ਼੍ਰੀ ਅਰੋੜਾ ਦੇ ਮੀਡੀਆ ਕੋਆਰਡੀਨੇਟਰ ਸ਼੍ਰੀ ਜਤਿੰਦਰ ਜੈਨ ਦੇ ਜੀਜਾ ਸਨ।
ਖਨੌਰੀ ਦੀ ਜਾਣੀ ਪਛਾਣੀ ਸ਼ਖਸੀਅਤ ਸ਼੍ਰੀ ਸ਼ਾਮ ਲਾਲ ਗੋਇਲ ਮਿਤੀ 02 ਜਨਵਰੀ 2026 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਕੇ ਪਰਮਾਤਮਾ ਦੇ ਚਰਨਾਂ ਵਿੱਚ ਵਿਲੀਨ ਹੋ ਗਏ ਸਨ। ਉਨ੍ਹਾਂ ਦਾ ਇਹ ਅਚਾਨਕ ਵਿਛੋੜਾ ਪਰਿਵਾਰ ਅਤੇ ਸਮਾਜ ਵਿੱਚ ਡੂੰਘਾ ਸੋਗ ਪੈਦਾ ਕਰ ਗਿਆ ਹੈ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ ਅਤੇ ਰਸਮ ਪਗੜੀ ਦਾ ਸਮਾਰੋਹ ਸ੍ਰੀ ਨੈਣਾ ਦੇਵੀ ਧਰਮਸ਼ਾਲਾ, ਸਰਕਾਰੀ ਹਾਈ ਸਕੂਲ ਰੋਡ, ਖਨੌਰੀ ਵਿਖੇ ਹੋਇਆ।
ਮੀਡੀਆ ਕੋਆਰਡੀਨੇਟਰ ਸ਼੍ਰੀ ਜਤਿੰਦਰ ਜੈਨ ਨੇ ਦੱਸਿਆ ਕਿ ਸ਼੍ਰੀ ਸ਼ਾਮ ਲਾਲ ਗੋਇਲ ਕਿੱਤੇ ਵਜੋਂ ਕੈਮਿਸਟ ਸਨ। ਉਹਨਾਂ ਦਾ ਪਰਿਵਾਰ ਖਨੌਰੀ ਦੇ ਨਾਮੀਂ ਪਰਿਵਾਰਾਂ ਵਿਚੋਂ ਇੱਕ ਹੈ। ਸ਼੍ਰੀ ਜੈਨ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਵਾਲੇ ਸਾਰੇ ਰਿਸ਼ਤੇਦਾਰਾਂ, ਮਿੱਤਰਾਂ ਅਤੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ।
ਇਸ ਦੌਰਾਨ ਖਨੌਰੀ ਤੇ ਸੁਨਾਮ ਦੀਆਂ ਵੱਖ-ਵੱਖ ਸੰਸਥਾਵਾਂ, ਸਭਾਵਾਂ, ਰਾਜਸੀ ਤੇ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਸ਼ੋਕ ਮਤੇ ਭੇਜ ਕੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।
ਇਸ ਮੌਕੇ ਸ਼੍ਰੀ ਸ਼ਾਮ ਲਾਲ ਗੋਇਲ ਦੀ ਪਤਨੀ ਨੀਲਮ ਗੋਇਲ, ਪੁੱਤਰ ਗੌਰਵ ਗੋਇਲ, ਧੀ ਤੇ ਦਾਮਾਦ ਡਿੰਕੀ ਤੇ ਨਿਲੇਸ਼, ਭਰਾ ਤੇ ਭਰਜਾਈ ਵੀਰਭਾਨ ਗੋਇਲ ਤੇ ਉਸ਼ਾ ਗੋਇਲ, ਮਹਿੰਦਰਪਾਲ ਗੋਇਲ ਤੇ ਮੀਨੂੰ ਗੋਇਲ, ਭਤੀਜਾ ਰਵਿੰਦਰ ਕੁਮਾਰ ਸਮੇਤ ਵੱਡੀ ਗਿਣਤੀ ਸ਼ਹਿਰ ਵਾਸੀ ਹਾਜ਼ਰ ਸਨ।



