ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਬਰਸਾਨਾ ਧਾਮ ਤੋਂ ਵ੍ਰਿੰਦਾਵਨ ਧਾਮ ਤਕ ਭਗਤੀਮਈ ਯਾਤਰਾ; ਸੁਨਾਮ ਲਈ ਪਵਿੱਤਰ ਅਖੰਡ ਜਯੋਤੀ ਰਵਾਨਾ
ਸੁਨਾਮ, 29 ਮਾਰਚ:
ਸੁਨਾਮ ਸ਼ਹਿਰ ਵਿੱਚ 4 ਅਪ੍ਰੈਲ ਨੂੰ ਆਯੋਜਿਤ ਹੋਣ ਜਾ ਰਹੇ ਵਿਸ਼ਾਲ ਰਾਧਾ ਨਾਮ ਸੰਕੀਰਤਨ ਸਮਾਗਮ ਦੀਆਂ ਤਿਆਰੀਆਂ ਅਧਿਆਤਮਿਕ ਰੰਗਾਂ ਵਿੱਚ ਰੰਗੀਆਂ ਹੋਈਆਂ ਹਨ। ਇਸ ਸਬੰਧੀ ਉਸ ਵੇਲੇ ਇੱਕ ਬਹੁਤ ਹੀ ਪਵਿੱਤਰ ਅਤੇ ਅਲੌਕਿਕ ਪਲ ਦੇਖਣ ਨੂੰ ਮਿਲਿਆ, ਜਦੋਂ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਵੱਲੋਂ ਸ੍ਰੀ ਰਾਧਾ ਰਾਣੀ ਮੰਦਰ, ਬਰਸਾਨਾ ਧਾਮ ਤੋਂ ਪਵਿੱਤਰ ਅਖੰਡ ਜਯੋਤੀ ਲੈਕੇ ਸ੍ਰੀ ਠਾਕੁਰ ਜੀ ਮੰਦਰ, ਵ੍ਰਿੰਦਾਵਨ ਧਾਮ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਵਿਧੀਵਤ ਪੂਜਾ-ਅਰਚਨਾ ਕਰਕੇ ਮੱਥਾ ਟੇਕਿਆ ਗਿਆ।
ਇਸ ਮੌਕੇ ਕੈਬਨਿਟ ਮੰਤਰੀ ਦੇ ਮੀਡੀਆ ਸਲਾਹਕਾਰ ਸ਼੍ਰੀ ਜਤਿੰਦਰ ਜੈਨ ਵੀ ਉਹਨਾਂ ਦੇ ਨਾਲ ਸਨ। ਇਸ ਉਪਰੰਤ ਇਸ ਪਵਿੱਤਰ ਅਖੰਡ ਜਯੋਤੀ ਨੂੰ ਸੁਨਾਮ ਲਈ ਰਵਾਨਾ ਕੀਤਾ ਗਿਆ।ਜ਼ਿਕਰਯੋਗ ਹੈ ਕਿ ਸੁਨਾਮ ਸ਼ਹਿਰ ਵਿੱਚ 4 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਸਮਾਗਮ ਸ਼੍ਰੀ ਬਾਂਕੇ ਬਿਹਾਰੀ ਸੇਵਾ ਸੰਮਤੀ ਵੱਲੋਂ ਪ੍ਰਧਾਨ ਅੱਛਰੂ ਗੋਇਲ ਦੀ ਅਗਵਾਈ ਵਿੱਚ ਕਰਵਾਇਆ ਜਾ ਰਿਹਾ ਹੈ।
ਇਸ ਪਵਿੱਤਰ ਅਵਸਰ ਦੌਰਾਨ ਕੈਬਨਿਟ ਮੰਤਰੀ ਨੇ ਬਰਸਾਨਾ ਧਾਮ ਵਿਖੇ ਰਾਧਾ ਰਾਣੀ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਲੋਕਾਂ ਦੀ ਖੁਸ਼ਹਾਲੀ ਅਤੇ ਸਮਾਜ ਵਿੱਚ ਪ੍ਰੇਮ ਅਤੇ ਸਾਂਝ ਬਣੀ ਰਹਿਣ ਦੀ ਅਰਚਨਾ ਕੀਤੀ। ਵ੍ਰਿੰਦਾਵਨ ਦੀ ਧਰਤੀ, ਜੋ ਭਗਵਾਨ ਕ੍ਰਿਸ਼ਨ ਜੀ ਨਾਲ ਸਬੰਧਤ ਹੈ, ਉੱਥੇ ਇਸ ਪਵਿੱਤਰ ਅਖੰਡ ਜਯੋਤੀ ਦਾ ਪਹੁੰਚਣਾ ਇਸ ਦੀ ਪਵਿੱਤਰਤਾ ਨੂੰ ਹੋਰ ਵੀ ਗਹਿਰਾਈ ਪ੍ਰਦਾਨ ਕਰਦਾ ਹੈ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਪਵਿੱਤਰ ਅਖੰਡ ਜਯੋਤੀ ਰਾਧਾ ਜੀ ਅਤੇ ਕ੍ਰਿਸ਼ਨ ਜੀ ਦੇ ਅਟੱਲ ਪ੍ਰੇਮ, ਭਗਤੀ ਅਤੇ ਆਤਮਿਕ ਰੋਸ਼ਨੀ ਦਾ ਪ੍ਰਤੀਕ ਹੈ। ਇਹ ਜਿੱਥੇ ਵੀ ਜਾਂਦੀ ਹੈ, ਉੱਥੇ ਆਧਿਆਤਮਿਕ ਊਰਜਾ ਦਾ ਪ੍ਰਸਾਰ ਕਰਦੀ ਹੈ ਅਤੇ ਮਨੁੱਖ ਦੇ ਜੀਵਨ ਵਿੱਚ ਸਕਾਰਾਤਮਕਤਾ ਭਰਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਪਵਿੱਤਰ ਅਖੰਡ ਜਯੋਤੀ
ਨੂੰ ਸੁਨਾਮ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਸਥਾਪਿਤ ਕੀਤਾ ਜਾਵੇਗਾ, ਜਿੱਥੇ ਰਾਧਾ ਨਾਮ ਸੰਕੀਰਤਨ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਭਗਤ ਜਨ ਇਕੱਠੇ ਹੋ ਕੇ ਰਾਧਾ-ਕ੍ਰਿਸ਼ਨ ਦੇ ਨਾਮ ਦਾ ਜਾਪ ਕਰਨਗੇ। ਇਹ ਸੰਕੀਰਤਨ ਸਿਰਫ਼ ਧਾਰਮਿਕ ਕ੍ਰਿਆ ਨਹੀਂ, ਸਗੋਂ ਆਤਮਿਕ ਉੱਚਾਈਆਂ ਨੂੰ ਛੂਹਣ ਦਾ ਇਕ ਸਾਧਨ ਹੈ, ਜੋ ਮਨੁੱਖ ਨੂੰ ਅੰਦਰੂਨੀ ਸ਼ਾਂਤੀ ਅਤੇ ਆਨੰਦ ਪ੍ਰਦਾਨ ਕਰਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਆਧਿਆਤਮਿਕ ਸਮਾਗਮ ਸਮਾਜ ਵਿੱਚ ਭਾਈਚਾਰੇ, ਪ੍ਰੇਮ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੀ ਸੰਸਕ੍ਰਿਤੀ ਅਤੇ ਧਾਰਮਿਕ ਵਿਰਾਸਤ ਨਾਲ ਜੋੜਦੇ ਹਨ।
ਇਸ ਮੌਕੇ ਭਗਤਾਂ ਵੱਲੋਂ “ਰਾਧੇ ਰਾਧੇ” ਦੇ ਜਾਪ ਨਾਲ ਪੂਰਾ ਮਾਹੌਲ ਭਗਤੀ ਰਸ ਵਿੱਚ ਰੰਗਿਆ ਹੋਇਆ ਸੀ। ਸੰਗਤ ਨੇ ਪਵਿੱਤਰ ਅਖੰਡ ਜਯੋਤੀ ਦੀ ਰਵਾਨਗੀ ਨੂੰ ਆਪਣੇ ਲਈ ਬੜਾ ਸੁਭਾਗਾ ਮੰਨਿਆ ਅਤੇ ਇਸਨੂੰ ਰਾਧਾ ਰਾਣੀ ਜੀ ਦੀ ਵਿਸ਼ੇਸ਼ ਕਿਰਪਾ ਵਜੋਂ ਸਵੀਕਾਰ ਕੀਤਾ।
ਸਮਾਗਮ ਦੇ ਆਯੋਜਕਾਂ ਵੱਲੋਂ ਦੱਸਿਆ ਗਿਆ ਕਿ 4 ਅਪ੍ਰੈਲ ਨੂੰ ਸੁਨਾਮ ਵਿਖੇ ਹੋਣ ਵਾਲਾ ਇਹ ਰਾਧਾ ਨਾਮ ਸੰਕੀਰਤਨ ਸਮਾਗਮ ਇਕ ਵਿਸ਼ਾਲ ਆਧਿਆਤਮਿਕ ਸਮਾਗਮ ਹੋਵੇਗਾ, ਜਿਸ ਵਿੱਚ ਦੂਰ-ਦੂਰ ਤੋਂ ਆਉਣ ਵਾਲੀ ਸੰਗਤ ਭਗਤੀ ਰਸ ਦਾ ਆਨੰਦ ਮਾਣੇਗੀ ਅਤੇ ਪਵਿੱਤਰ ਅਖੰਡ ਜਯੋਤੀ
ਦੇ ਦਰਸ਼ਨ ਕਰਕੇ ਆਪਣਾ ਜੀਵਨ ਧੰਨ ਕਰੇਗੀ।

