ਸੁਖਬੀਰ ਬਾਦਲ ਦੇ ਦੋਸ਼ਾਂ 'ਤੇ ਬਲਤੇਜ ਪੰਨੂ ਦਾ ਤਿੱਖਾ ਪਲਟਵਾਰ, ਕਿਹਾ- ਆਪਣੀ ਯਾਦਾਸ਼ਤ ਸੁਧਾਰਨ ਬਾਦਲ, ਬੇਅਦਬੀ ਦਾ ਕਾਲਾ ਇਤਿਹਾਸ ਤੁਹਾਡਾ ਹੈ

ਸੁਖਬੀਰ ਬਾਦਲ ਦੇ ਦੋਸ਼ਾਂ 'ਤੇ ਬਲਤੇਜ ਪੰਨੂ ਦਾ ਤਿੱਖਾ ਪਲਟਵਾਰ, ਕਿਹਾ- ਆਪਣੀ ਯਾਦਾਸ਼ਤ ਸੁਧਾਰਨ ਬਾਦਲ, ਬੇਅਦਬੀ ਦਾ ਕਾਲਾ ਇਤਿਹਾਸ ਤੁਹਾਡਾ ਹੈ

ਚੰਡੀਗੜ੍ਹ, 20 ਮਾਰਚ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹਾਲੀਆ ਬਿਆਨਾਂ 'ਤੇ ਤਿੱਖਾ ਪਲਟਵਾਰ ਕੀਤਾ ਹੈ। ਪੰਨੂ ਨੇ ਕਿਹਾ ਕਿ ਸੁਖਬੀਰ ਬਾਦਲ ਬੇਅਦਬੀ ਦੀਆਂ ਘਟਨਾਵਾਂ ਲਈ 'ਆਪ' ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਕੇ ਆਪਣੀ ਸਿਆਸੀ ਜ਼ਮੀਨ ਬਚਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ, ਪਰ ਉਹ ਇਹ ਭੁੱਲ ਗਏ ਹਨ ਕਿ ਪੰਜਾਬ ਦੀ ਜਨਤਾ ਉਨ੍ਹਾਂ ਦੀ ਅਸਲੀਅਤ ਤੋਂ ਚੰਗੀ ਤਰ੍ਹਾਂ ਵਾਕਿਫ ਹੈ।

ਬਲਤੇਜ ਪੰਨੂ ਨੇ ਸੁਖਬੀਰ ਬਾਦਲ ਦੀ ਯਾਦਾਸ਼ਤ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਕਹਿ ਰਹੇ ਹਨ ਕਿ 'ਆਪ' ਦੇ ਆਉਣ ਤੋਂ ਬਾਅਦ ਪੰਜਾਬ ਵਿੱਚ ਬੇਅਦਬੀ ਸ਼ੁਰੂ ਹੋਈ। ਸ਼ਾਇਦ ਉਹ ਭੁੱਲ ਗਏ ਹਨ ਕਿ 1986 ਵਿੱਚ ਜਦੋਂ ਨਕੋਦਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਅਤੇ ਇਨਸਾਫ਼ ਮੰਗ ਰਹੇ 4 ਨੌਜਵਾਨ ਸ਼ਹੀਦ ਹੋਏ, ਉਦੋਂ ਪੰਜਾਬ ਵਿੱਚ ਕਿਸ ਦੀ ਸਰਕਾਰ ਸੀ? ਕੀ ਉਦੋਂ ਆਮ ਆਦਮੀ ਪਾਰਟੀ ਪੰਜਾਬ ਵਿੱਚ ਸੀ? ਪੰਜਾਬ ਦੇ ਲੋਕ ਭੁੱਲੇ ਨਹੀਂ ਹਨ ਕਿ ਉਸ ਖ਼ੂਨੀ ਮੰਜ਼ਰ ਦੇ ਪਿੱਛੇ ਕਿਹੜੀਆਂ ਤਾਕਤਾਂ ਸਨ।

ਪੰਨੂ ਨੇ 2015 ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਪੁੱਛਿਆ ਕਿ ਜੂਨ 2015 ਵਿੱਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੋਇਆ, ਉਦੋਂ ਸੱਤਾ ਵਿੱਚ ਕੌਣ ਸੀ? ਜੂਨ ਵਿੱਚ ਚੋਰੀ ਹੋਈ ਬੀੜ ਦੀ ਬੇਅਦਬੀ ਅਕਤੂਬਰ 2015 ਵਿੱਚ ਕੀਤੀ ਗਈ। ਇਸ ਪੂਰੇ ਦੌਰ ਵਿੱਚ ਪੰਜਾਬ ਦੀ ਸੱਤਾ 'ਤੇ ਬਾਦਲ ਪਰਿਵਾਰ ਦਾ ਕਬਜ਼ਾ ਸੀ। ਕੀ ਉਸ ਵੇਲੇ ਪੰਜਾਬ ਵਿੱਚ 'ਆਪ' ਦੀ ਸਰਕਾਰ ਸੀ? ਸੱਚ ਤਾਂ ਇਹ ਹੈ ਕਿ ਤੁਹਾਡੀ ਸਰਕਾਰ ਨੇ ਹੀ ਦੋਸ਼ੀਆਂ ਨੂੰ ਸਰਪ੍ਰਸਤੀ ਦਿੱਤੀ।

ਪੰਨੂ ਨੇ ਅੱਗੇ ਕਿਹਾ ਕਿ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ 'ਤੇ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਕਰ ਰਹੀ ਸੰਗਤ 'ਤੇ ਪੁਲਿਸ ਨੇ ਬਰਬਰਤਾ ਕੀਤੀ ਅਤੇ ਬਹਿਬਲ ਕਲਾਂ ਵਿੱਚ ਗੋਲੀਬਾਰੀ ਦੌਰਾਨ ਦੋ ਨਿਰਦੋਸ਼ ਸਿੱਖ ਸ਼ਹੀਦ ਹੋਏ। ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀਆਂ ਰਿਪੋਰਟਾਂ ਸਪੱਸ਼ਟ ਤੌਰ 'ਤੇ ਇਸ਼ਾਰਾ ਕਰਦੀਆਂ ਹਨ ਕਿ ਇਨ੍ਹਾਂ ਘਟਨਾਵਾਂ ਦੇ ਪਿੱਛੇ ਅਸਲੀ ਚਿਹਰੇ ਕੌਣ ਸਨ। ਅੱਜ ਸੁਖਬੀਰ ਸਿੰਘ ਬਾਦਲ ਖੁਦ ਕੋਟਕਪੂਰਾ ਮਾਮਲੇ ਵਿੱਚ ਜ਼ਮਾਨਤ 'ਤੇ ਬਾਹਰ ਹਨ। ਉਨ੍ਹਾਂ ਦੇ ਨਾਲ ਸੁਮੇਧ ਸੈਣੀ, ਚਰਨਜੀਤ ਸ਼ਰਮਾ ਅਤੇ ਉਮਰਾਨੰਗਲ ਵਰਗੇ ਲੋਕ ਵੀ ਜ਼ਮਾਨਤ 'ਤੇ ਹਨ, ਜੋ ਇਨ੍ਹਾਂ ਦੇ ਸ਼ਾਸਨਕਾਲ ਦੇ ਕਾਲੇ ਕਾਰਨਾਮਿਆਂ ਦੀ ਗਵਾਹੀ ਦਿੰਦੇ ਹਨ।

ਬਲਤੇਜ ਪੰਨੂ ਨੇ ਕਿਹਾ ਕਿ 2007 ਤੋਂ 2017 ਤੱਕ ਦਾ ਅਕਾਲੀ ਦਲ ਦਾ ਸ਼ਾਸਨ ਪੰਜਾਬ ਦੇ ਇਤਿਹਾਸ ਦਾ ਕਾਲਾ ਅਧਿਆਇ ਹੈ। ਪੰਜਾਬ ਨੂੰ ਨਸ਼ੇ, ਭ੍ਰਿਸ਼ਟਾਚਾਰ ਅਤੇ ਬੇਅਦਬੀ ਦੇ ਕਾਲੇ ਦੌਰ ਵਿੱਚ ਧੱਕਣ ਦੇ ਪਿੱਛੇ ਕੋਈ ਹੋਰ ਨਹੀਂ, ਸਗੋਂ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਪਾਰਟੀ ਹੀ ਹੈ। ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਲਈ ਹੁਣ ਉਹ 'ਆਪ' 'ਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ, ਪਰ ਪੰਜਾਬ ਦੀ ਜਨਤਾ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰੇਗੀ। 

Latest

ਭਗਵੰਤ ਮਾਨ ਸਰਕਾਰ ਦੀ ਅਗਵਾਈ ਹੇਠ ‘ਏ.ਆਈ. ਕ੍ਰਾਂਤੀ’ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਕੇ ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਕਰੇਗੀ
'ਗੈਂਗਸਟਰਾਂ ‘ਤੇ ਵਾਰ': ਦੋ ਮਹੀਨਿਆਂ ਵਿੱਚ 309 ਹਥਿਆਰਾਂ ਸਮੇਤ 15 ਹਜ਼ਾਰ ਤੋਂ ਵੱਧ ਵਿਅਕਤੀ ਗ੍ਰਿਫ਼ਤਾਰ
ਸੁਖਬੀਰ ਬਾਦਲ ਦੇ ਦੋਸ਼ਾਂ 'ਤੇ ਬਲਤੇਜ ਪੰਨੂ ਦਾ ਤਿੱਖਾ ਪਲਟਵਾਰ, ਕਿਹਾ- ਆਪਣੀ ਯਾਦਾਸ਼ਤ ਸੁਧਾਰਨ ਬਾਦਲ, ਬੇਅਦਬੀ ਦਾ ਕਾਲਾ ਇਤਿਹਾਸ ਤੁਹਾਡਾ ਹੈ
ਨਸ਼ਿਆਂ ਦੀ ਆਦਤ ਤੋਂ ਰੁਜ਼ਗਾਰ ਤੱਕ: ਨਸ਼ਿਆਂ ਤੋਂ ਉਭਰਨ ਦੀਆਂ ਕਹਾਣੀਆਂ ਭਗਵੰਤ ਮਾਨ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੀ ਜ਼ਮੀਨੀ ਪੱਧਰ 'ਤੇ ਪ੍ਰਭਾਵਸ਼ੀਲਤਾ ਦਾ ਪ੍ਰਤੱਖ ਪ੍ਰਮਾਣ
ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਮੁਫ਼ਤ ਸਫਰ ‘ਤੇ 2042 ਕਰੋੜ ਦਾ ਵੱਡਾ ਨਿਵੇਸ਼—ਮਾਨ ਸਰਕਾਰ ਦੀ ਮਜ਼ਬੂਤ ਪਹਿਲ: ਡਾ. ਬਲਜੀਤ ਕੌਰ